ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਜਨਵਰੀ
ਨੇੜਲੇ ਪਿੰਡ ਤੁਰੀ ਵਿੱਚ ਅੱਜ ਚੋਣ ਮੀਟਿੰਗ ਕਰਨ ਪਹੁੰਚੇ ਭਾਜਪਾ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਖ਼ਿਲਾਫ਼ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਆਗੂ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ। ਕਿਸਾਨ ਆਗੂ ਸੁਬੇਗ ਸਿੰਘ, ਪਵਿੱਤਰ ਸਿੰਘ ਸਮਰਾ, ਮਨਜੀਤ ਸਿੰਘ, ਅੰਗਰੇਜ਼ ਸਿੰਘ ਮਹਿਲ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਰੁਲਦੇ ਰਹੇ। ਹੁਣ ਵੀ ਮੋਦੀ ਸਰਕਾਰ ਬਾਕੀ ਮਸਲੇ ਹੱਲ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਚੋਣ ਪ੍ਰਚਾਰ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇਸ਼ ਅਤੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦੇਣਗੀਆਂ।
ਪੰਜਾਬ ਦੀ ਤਰੱਕੀ ਲਈ ਭਾਜਪਾ ਦੀ ਸਰਕਾਰ ਬਣਾਈ ਜਾਵੇ: ਖੰਨਾ
ਅਰਵਿੰਦ ਖੰਨਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈਣ ਸਮੇਂ ਕਿਸਾਨਾਂ ਨੂੰ ਹੋਈ ਖੱਜਲ ਖੁਆਰੀ ਸਬੰਧੀ ਮੁਆਫੀ ਮੰਗੀ ਸੀ। ਬਾਕੀ ਮਸਲੇ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿ ਦੇਸ਼ ਤੇ ਪੰਜਾਬ ਦੀ ਤਰੱਕੀ ਲਈ ਭਾਜਪਾ ਦੀ ਸਰਕਾਰ ਬਣਨੀ ਚਾਹੀਦੀ ਹੈ।