ਜੋਗਿੰਦਰ ਸਿੰਘ ਮਾਨ/ਕਰਨ ਭੀਖੀ
ਮਾਨਸਾ/ਭੀਖੀ, 20 ਅਕਤੂਬਰ
ਭਾਜਪਾ ’ਚੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਵਿਧਾਇਕ ਅਨਿਲ ਜੋਸ਼ੀ ਦਾ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਨੇ ਮਾਨਸਾ ਅਤੇ ਭੀਖੀ ਪੁੱਜਣ ’ਤੇ ਡਟਵਾਂ ਵਿਰੋਧ ਕੀਤਾ। ਅਨਿਲ ਜੋਸ਼ੀ ਮਾਨਸਾ ਵਿੱਚ ਬਸਪਾ ਅਤੇ ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਪ੍ਰੇਮ ਅਰੋੜਾ ਦੇ ਹੱਕ ਵਿੱਚ ਵਪਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਆਏ ਸਨ। ਜਦੋਂ ਕਿਸਾਨਾਂ ਨੂੰ ਅਕਾਲੀ ਆਗੂ ਦੀ ਆਮਦ ਬਾਰੇ ਭਿਣਕ ਲੱਗੀ ਤਾਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕਿਸਾਨ ਉਨ੍ਹਾਂ ਤੋਂ ਸੁਆਲ ਪੁੱਛਣ ਜਾ ਰਹੇ ਸਨ ਪਰ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਰਾਹ ਵਿੱਚ ਹੀ ਰੋਕ ਲਿਆ। ਭਾਵੇਂ ਬਾਅਦ ਵਿੱਚ ਪੁਲੀਸ ਨੇ ਸਮਾਗਮ ਵਾਲੀ ਥਾਂ ’ਤੇ ਕਿਸਾਨ ਆਗੂਆਂ ਦੀ ਅਨਿਲ ਜੋਸ਼ੀ ਨਾਲ ਗੱਲਬਾਤ ਕਰਵਾਈ ਪਰ ਉਨ੍ਹਾਂ ਦੀ ਤਸੱਲੀ ਨਹੀਂ ਹੋਈ। ਕਿਸਾਨਾਂ ਨੇ ਅਕਾਲੀ ਦਲ ਅਤੇ ਅਨਿਲ ਜੋਸ਼ੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੱਖਣ ਸਿੰਘ ਭੈਣੀਬਾਘਾ, ਸੁਖਚਰਨ ਸਿੰਘ ਦਾਨੇਵਾਲੀਆ, ਤੇਜ ਸਿੰਘ ਚੁਕੇਰੀਆਂ, ਮੇਜਰ ਸਿੰਘ ਦੂਲੋਵਾਲ, ਸੁਖਦੇਵ ਸਿੰਘ ਕੋਟਲੀ ਅਤੇ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਅਨਿਲ ਜੋਸ਼ੀ ਖੇਤੀ ਕਾਨੂੰਨਾਂ ਦੇ ਲਾਗੂ ਕਰਨ ਸਮੇਂ ਕੇਂਦਰ ਸਰਕਾਰ ਨਾਲ ਖੜ੍ਹੇ ਸਨ ਅਤੇ ਹੁਣ ਕੁਰਸੀ ਦੇ ਲਾਲਚਵੱਸ ਇਹ ਆਗੂ ਅਸਤੀਫ਼ਿਆਂ ਦੇ ਬਹਾਨੇ ਲੋਕਾਂ ਤੋਂ ਵੋਟਾਂ ਬਟੋਰਨ ਲਈ ਡਰਾਮੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਦਿੱਲੀ ਦੀ ਹੱਦਾਂ ’ਤੇ ਆਪਣੇ ਹੱਕਾਂ ਲਈ ਰੁਲ ਰਿਹਾ ਹੈ ਅਤੇ ਅਕਾਲੀ ਆਗੂ ਆਪਣੇ ਉਮੀਦਵਾਰ ਐਲਾਨ ਕੇ ਸੂਬੇ ਵਿੱਚ ‘ਵੋਟਾਂ ਦੀ ਖੇਤੀ’ ਕਰਨ ਲੱਗੇ ਹਨ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਉਪਰੰਤ ਭੀਖੀ ਦੇ ਹਨੂੰਮਾਨ ਮੰਦਰ ਵਿੱਚ ਵਪਾਰੀ ਵਰਗ ਨਾਲ ਮੀਟਿੰਗ ਕਰਨ ਪੁੱਜੇ ਅਕਾਲੀ ਆਗੂ ਅਨਿਲ ਜੋਸ਼ੀ ਨੂੰ ਕਿਸਾਨਾਂ-ਮਜ਼ਦੂਰਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਭਾਵੇਂ ਕਿ ਪੁਲੀਸ ਮੁਲਾਜ਼ਮਾਂ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਸੀ ਪਰ ਕਿਸਾਨਾਂ ਨੇ ਉੱਥੇ ਹੀ ਅਕਾਲੀ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਸੁੱਖਾ ਪੰਡਤ ਤੇ ਕਾਮਰੇਡ ਧਰਮਪਾਲ ਨੀਟਾ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਸਿਆਸੀ ਆਗੂਆਂ ਦਾ ਵਿਰੋਧ ਜਾਰੀ ਰਹੇਗਾ।
ਜੋਸ਼ੀ ਨੇ ਕਾਂਗਰਸ ’ਤੇ ਸੇਧੇ ਨਿਸ਼ਾਨੇ
ਅਨਿਲ ਜੋਸ਼ੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਨੂੰ ਖੇਡ ਬਣਾ ਰੱਖਿਆ ਹੈ, ਇੱਕ ਦਿਨ ਵਿੱਚ ਕਈ-ਕਈ ਫ਼ੈਸਲੇ ਲੈਣ ਨਾਲ ਜਨਤਾ ਦਾ ਇਨਸਾਫ਼ ਹਾਸਲ ਕਰਨ ਵਾਲਾ ਵਿਸ਼ਵਾਸ ਇਨ੍ਹਾਂ ਤੋਂ ਉਠ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਕਾਂਗਰਸ ਦਾ ਬੇੜਾ ਚੰਨੀ, ਸਿੱਧੂ, ਰੰਧਾਵਾ ਵੀ ਪਾਰ ਨਹੀਂ ਲਾ ਸਕਣਗੇ ਅਤੇ ਇਸ ਪਾਰਟੀ ਦਾ ਪਹਿਲਾਂ ਨਾਲੋਂ ਵੀ ਮਾੜਾ ਹੋ ਗਿਆ ਹੈ।