ਜੋਗਿੰਦਰ ਸਿੰਘ ਮਾਨ
ਮਾਨਸਾ, 6 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਨਾ ਉਠਾਉਣ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਵੱਖ-ਵੱਖ ਥਾਵਾਂ ’ਤੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਵਿਰੋਧ ਕੀਤਾ। ਮਾਨਸਾ ਦੇ ਗ੍ਰੈਂਡ ਮਾਲ ਵਿੱਚ ਕਿਸਾਨਾਂ ਨੇ ਫ਼ਿਲਮ ਬੰਦ ਕਰਵਾ ਕੇ ਪੋਸਟਰ ਪਾੜੇ ਅਤੇ ਅਦਾਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਫਿਲਮ ਅਦਾਕਾਰ ਸੰਨੀ ਦਿਓਲ, ਅਕਸ਼ੈ ਕੁਮਾਰ ਅਤੇ ਕੰਗਨਾ ਰਣੌਤ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਹਨ। ਇਨ੍ਹਾਂ ਨੇ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ, ਜਿਸ ਕਰ ਕੇ ਕਿਸਾਨਾਂ ਦਾ ਫ਼ੈਸਲਾ ਹੈ ਕਿ ਉਹ ਇਨ੍ਹਾਂ ਅਦਾਕਾਰਾਂ ਦੀਆਂ ਫਿਲਮਾਂ ਸੂਬੇ ਦੇ ਸਿਨੇਮਾ ਘਰਾਂ ’ਚ ਨਹੀਂ ਚੱਲਣ ਦੇਣਗੇ। ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਯੁੂਨੀਅਨ ਕਾਦੀਆਂ ਦੇ ਆਗੂ ਪਰਮਜੀਤ ਸਿੰਘ ਤੇ ਮਲਕੀਤ ਸਿੰਘ ਗਾਗੋਵਾਲ ਸਮੇਤ ਕੁਝ ਨੌਜਵਾਨ ਕਿਸਾਨੀ ਝੰਡੇ ਲੈ ਕੇ ਮਾਲ ਵਿੱਚ ਪਹੁੰਚੇ ਅਤੇ ਉੁਨ੍ਹਾਂ ਫ਼ਿਲਮ ਦਾ ਵਿਰੋਧ ਕੀਤਾ। ਉਨ੍ਹਾਂ ਮਾਲ ਮਾਲਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਉਕਤ ਫਿਲਮ ਨੂੰ ਨਹੀਂ ਚੱਲਣ ਦੇਣਗੇ, ਜਿਸ ਮਗਰੋਂ ਮਾਲ ਮਾਲਕਾਂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਸਿਨੇਮਾ ਘਰ ਵਿੱਚ ਫ਼ਿਲਮ ਨਹੀਂ ਚਲਾਉਣਗੇ। ਕਿਸਾਨ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜ੍ਹਨ ਵਾਲੇ ਅਦਾਕਾਰਾਂ ਦਾ ਵਿਰੋਧ ਜਾਰੀ ਰਹੇਗਾ। ਇਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਦਾ ਵੀ ਡੱਟਵਾਂ ਵਿਰੋਧ ਕੀਤਾ ਜਾਵੇਗਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਕਿਸਾਨਾਂ ਨੇ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਫਿਲਮ ‘ਸੂਰਿਆਵੰਸ਼ੀ’ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਸਥਾਨਕ ਸਿਨੇਮਾ ਘਰ ਨੇੜੇ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਾਣੂੰਕੇ ਨੇ ਕਿਹਾ ਕਿ ਜਿਹੜਾ ਵੀ ਸਿਆਸੀ ਆਗੂ ਜਾਂ ਕੋਈ ਹੋਰ ਕਿਸਾਨ ਅੰਦੋਲਨ ਜਾਂ ਕਿਸਾਨਾਂ ਖ਼ਿਲਾਫ਼ ਬੋਲੇਗਾ, ਉਸ ਦਾ ਵਿਰੋਧ ਕੀਤਾ ਜਾਵੇਗਾ। ਉੱਧਰ, ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਿਨੇਮਾ ਘਰ ਵਿੱਚ ਡੀਐੱਸਪੀ ਬਰਜਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲੀਸ ਤਾਇਨਾਤ ਕਰ ਦਿੱਤੀ ਤੇ ਡੀਐੱਸਪੀ ਦੀ ਪਹਿਲ ਕਦਮੀ ਨਾਲ ਸਿਨੇਮਾ ਮਾਲਕ ਫਿਲਮ ਹਟਾਉਣ ਤੇ ਪੋਸਟਰ ਉਤਾਰਨ ਲਈ ਰਾਜ਼ੀ ਹੋ ਗਏ। ਇਸ ਦੌਰਾਨ ਨੀਲਮ ਨੋਵਾ ਸਿਨੇਮਾ ਦੇ ਮੈਨੇਜਰ ਰਾਜ ਕੁਮਾਰ ਨੇ ਕਿਹਾ ਕਿ ਹੁਣ ਇਹ ਫਿਲਮ ਨਹੀਂ ਚਲਾਈ ਜਾਵੇਗੀ।
ਪਟਿਆਲਾ (ਸਰਬਜੀਤ ਭੰਗੂ): ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਇਥੇ ਅਕਸ਼ੈ ਕੁਮਾਰ ਦੀ ਸੂਰਿਆਵੰਸ਼ੀ ਫਿਲਮ ਦਾ ਵਿਰੋਧ ਕਰਦਿਆਂ, ਬੰਦ ਕਰਵਾ ਦਿੱਤੀ ਗਈ। ਇਸ ਦੌਰਾਨ ਜਾਣਕਾਰੀ ਕਿਸਾਨ ਆਗੂ ਪ੍ਰਭਜੀਤ ਪਾਲ ਸਿੰਘ, ਸੋਨੂੰ ਬੁੱਟਰ, ਸੁਰਜੀਤ ਸਿੰਘ ਲਚਕਾਣੀ, ਗੁਰਵਿੰਦਰ ਸਿੰਘ, ਗੁਰਤੇਜ ਚਲੈਲਾ ਨੇ ਸ਼ਿਰਕਤ ਕੀਤੀ।
ਅਕਸ਼ੈ ਕੁਮਾਰ ਦੀ ਫ਼ਿਲਮ ਖ਼ਿਲਾਫ਼ ਨਾਅਰੇਬਾਜ਼ੀ
ਮੰਡੀ ਘੁਬਾਇਆ (ਕੁਲਦੀਪ ਸਿੰਘ ਬਰਾੜ): ਭਾਰਤੀ ਕਿਸਾਨ ਯੂਨੀਅਨ ਵੱਲੋਂ ਜਲਾਲਾਬਾਦ ਵਿਚ ਅਕਸ਼ੈ ਕੁਮਾਰ ਦੀ ਫ਼ਿਲਮ ਸੂਰੀਆਵੰਸ਼ੀ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਇਥੇ ਸਿਨੇਮਾ ਵਿੱਚ ਲੱਗੀ ਅਕਸ਼ੈ ਕੁਮਾਰ ਦੀ ਫ਼ਿਲਮ ਦੇ ਪੋਸਟਰ ਪਾੜ ਦਿੱਤੇ ਅਤੇ ਅਦਾਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ। ਕਿਸਾਨਾਂ ਨੇ ਅਕਸ਼ੈ ਕੁਮਾਰ ਉੱਤੇ ਦੋਸ਼ ਲਾਇਆ ਕਿ ਜਦੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਦੁਨੀਆ ਭਰ ਵਿਚ ਸ਼ਲਾਘਾ ਹੋ ਰਹੀ ਸੀ ਤਾਂ ਉਦੋਂ ਅਦਾਕਾਰ ਨੇ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਸੀ। ਇਸ ਲਈ ਅੱਜ ਕਿਸਾਨਾਂ ਵੱਲੋਂ ਉਸ ਦੀ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਆਖਿਆ ਕਿ ਅਕਸ਼ੈ ਦੀਆਂ ਫ਼ਿਲਮਾਂ ਦਾ ਵਿਰੋਧ ਅੱਗੋਂ ਵੀ ਜਾਰੀ ਰਹੇਗਾ। ਜੇਕਰ ਫਿਰ ਵੀ ਸਿਨੇਮਾ ਅਧਿਕਾਰੀ ਇਸ ਦੀਆਂ ਫ਼ਿਲਮਾਂ ਚਲਾਉਂਦੇ ਹਨ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਿਨੇਮਾ ਅਧਿਕਾਰੀਆਂ ਦੀ ਖੁਦ ਹੋਵੇਗੀ।