ਦਵਿੰਦਰ ਪਾਲ
ਚੰਡੀਗੜ੍ਹ, 13 ਜੁਲਾਈ
ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਮੋਰਚਿਆਂ ’ਚ ਡਟੇ ਕਿਸਾਨਾਂ ਨੂੰ ਭਾਜਪਾ ਦੀਆਂ ਭੜਕਾਊ ਤੇ ਫੁੱਟਪਾਊ ਸਾਜਿਸ਼ਾਂ ਤੋਂ ਸੁਚੇਤ ਰਹਿੰਦਿਆਂ ਜਥੇਬੰਦਕ ਤੇ ਸ਼ਾਂਤਮਈ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਸੱਦਾ ਦਿੱਤਾ ਹੈ। ਸੂਬੇ ਵਿੱਚ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਹਿੰਸਕ ਹੋਣ ਨਾਲ ਵਿਰੋਧੀਆਂ ਨੂੰ ਕਿਸਾਨ ਜਥੇਬੰਦੀਆਂ ਖ਼ਿਲਾਫ਼ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਹੈ। ਇਸ ਅੰਦੋਲਨ ਦੀ ਕਾਮਯਾਬੀ ਸ਼ਾਂਤਮਈ ਸੰਘਰਸ਼ ਹੀ ਹੈ। ਸੰਯੁਕਤ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਸੂਬੇ ’ਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਦੇ ਬਾਵਜੂਦ 32 ਕਿਸਾਨ ਜਥੇਬੰਦੀਆਂ ਦੇ ਪੱਕੇ ਧਰਨੇ ਜਾਰੀ ਹਨ। ਸੂਬੇ ਵਿੱਚ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ’ਚ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਆਗੂਆਂ ਨੂੰ ਵਿਰੋਧ ਵਜੋਂ ਕਾਲੀਆਂ ਝੰਡੀਆਂ ਦਿਖਾਈਆਂ ਜਾਣ ਅਤੇ ਨਾਅਰੇਬਾਜ਼ੀ ਕੀਤੀ ਜਾਵੇ ਪਰ ਕਿਸੇ ਦਾ ਨੁਕਸਾਨ ਨਾ ਕੀਤਾ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ’ਚ ਸ਼ਹੀਦਾਂ ਦੀਆਂ ਕਤਾਰਾਂ ਲੰਮੀਆਂ ਹੋ ਰਹੀਆਂ ਹਨ ਪਰ ਸੰਘਰਸ਼ ਅੰਤਿਮ ਜਿੱਤ ਤੱਕ ਜਾਰੀ ਰਹੇਗਾ। ਦੇਸ਼ ਭਰ ਵਿੱਚ ਤੇਲ ਉਤਪਾਦਾਂ ਤੇ ਆਮ ਵਸਤਾਂ ਦੀਆਂ ਬੇਲਗਾਮ ਕੀਮਤਾਂ ਵਿਰੁੱਧ ਸਫਲ ਐਕਸ਼ਨ ਨੇ ਇਸ ਸੰਘਰਸ਼ ਨੂੰ ਜਰਬਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਖੇਤੀ ਦੇ ਵਿਸ਼ੇ ’ਤੇ ਸਿਰਫ ਸੂਬਾ ਸਰਕਾਰ ਕਾਨੂੰਨ ਬਣਾ ਸਕਦੀ ਹੈ, ਕੇਂਦਰ ਸਰਕਾਰ ਨਹੀਂ। ਇਸ ਲਈ ਗੈਰ-ਸੰਵਿਧਾਨਕ ਕਾਨੂੰਨ ਰੱਦ ਕਰਨ ਤੋਂ ਸਿਵਾਏ ਸਰਕਾਰ ਕੋਲ ਹੋਰ ਕੋਈ ਚਾਰਾ ਨਹੀਂ। ਕਿਸਾਨ ਆਪਣੀ ਇਸ ਵਾਜਬ ਮੰਗ ਮਨਵਾਉਣ ਦੇ ਸਟੈਂਡ ਤੋਂ ਪਿੱਛੇ ਨਹੀਂ ਹਟਣਗੇ। ਇਸੇ ਦੌਰਾਨ ਬਠਿੰਡਾ, ਮਾਨਸਾ, ਰੋਪੜ, ਫਰੀਦਕੋਟ, ਜਲੰਧਰ, ਗੁਰਦਾਸਪੁਰ ਸਮੇਤ ਵੱਖ-ਵੱਖ ਥਾਵਾਂ ਤੋਂ ਸੈਂਕੜੇ ਕਿਸਾਨਾਂ ਨੇ ਅੱਜ ਦਿੱਲੀ ਕੂਚ ਕੀਤਾ।
ਕਿਸਾਨ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਨੂੰ ਸ਼ਰਧਾਂਜਲੀਆਂ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸੰਯੁਕਤ ਕਿਸਨ ਮੋਰਚਾ ਦੀ ਅਗਵਾਈ ਹੇਠ ਜਗਰਾਉਂ, ਬਰਨਾਲਾ, ਮਹਿਲ ਕਲਾਂ, ਬਰੇਟਾ, ਬੁਢਲਾਡਾ, ਮਾਨਸਾ ਅਤੇ ਰਾਮਪੁਰਾ ਸਮੇਤ ਵੱਖ-ਵੱਖ ਥਾਵਾਂ ’ਤੇ ਜਾਰੀ ਕਿਸਾਨੀ ਧਰਨਿਆਂ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਬਲਕਾਰ ਸਿੰਘ ਡਕੌਂਦਾ ਕਿਸਾਨੀ ਕਿੱਤੇ ਦੇ ਸੰਕਟ ਪਿੱਛੇ ਕੰਮ ਕਰਦੇ ਬੁਨਿਆਦੀ ਕਾਰਕਾਂ ਨੂੰ ਸਮਝਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਇਹ ਸੰਕਟ ਇਕੱਲਾ ਕਿਸਾਨਾਂ ਦਾ ਹੀ ਨਹੀਂ ਸਗੋਂ ਕਿਰਤ ਕਰਨ ਵਾਲੇ ਸਾਰੇ ਲੋਕਾਂ ਖਾਸ ਕਰ ਪੇਂਡੂ ਖਿੱਤੇ ਦੀ ਸੱਭਿਅਤਾ ਦਾ ਸੰਕਟ ਹੈ। ਬੁਲਾਰਿਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਲਕਾਰ ਸਿੰਘ ਡਕੌਂਦਾ ਵਰਗੇ ਸੂਝਵਾਨ ਆਗੂਆਂ ਦੀ ਜਿਸਮਾਨੀ ਘਾਟ ਤਾਂ ਜ਼ਰੂਰ ਰੜਕ ਰਹੀ ਹੈ ਪਰ ਉਨ੍ਹਾਂ ਦੇ ਵਿਚਾਰ ਕਿਸਾਨ ਅੰਦੋਲਨ ਲਈ ਰਾਹ ਦਸੇਰਾ ਬਣੇ ਹੋਏ ਹਨ। ਇਸ ਦੌਰਾਨ ਪੀਪਲਜ਼ ਆਰਟਸ ਗਰੁੱਪ ਪਟਿਆਲਾ ਦੀ ਨਾਟਕ ਟੀਮ ਨੇ ਸਤਪਾਲ ਬੰਗਾ ਦੀ ਨਿਰਦੇਸ਼ਨ ਹੇਠ ਨਾਟਕ ‘ਜਿਨ੍ਹਾਂ ਦੀ ਅਣਖ ਜਿਉਂਦੀ ਹੈ’ ਖੇਡਿਆ ਗਿਆ।
ਰਾਜਪੁਰਾ ’ਚ ਕਿਸਾਨਾਂ ’ਤੇ ਕੇਸ ਦਰਜ ਕਰਨ ਦੀ ਨਿਖੇਧੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪਰੇਮ ਸਿੰਘ ਭੰਗੂ ਨੇ ਰਾਜਪੁਰਾ ਵਿੱਚ ਕਿਸਾਨਾਂ ਉੱਤੇ ਹੋਏ ਤਸ਼ੱਦਦ ਅਤੇ ਝੂਠੇ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾਕ੍ਰਮ ਭਾਜਪਾ ਦੇ ਕੁਝ ਆਗੂਆਂ ਵੱਲੋਂ ਸ਼ਹਿਰ ਵਿੱਚ ਮੀਟਿੰਗ ਕਰਨ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਭੈੜੇ ਸ਼ਬਦ ਬੋਲਣ ਅਤੇ ਡਰਾਉਣ ਧਮਕਾਉਣ ਦੀਆਂ ਕਾਰਵਾਈਆਂ ਦਾ ਨਤੀਜਾ ਹੈ। ਉਨ੍ਹਾਂ ਮੰਗ ਕੀਤੀ ਕਿ ਦਰਜ ਕੀਤੇ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੇਸ ਰੱਦ ਨਾ ਕੀਤੇ ਅਤੇ ਦਹਿਸ਼ਤ ਦਾ ਮਾਹੌਲ ਖਤਮ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਲੇ ਦਿਨਾਂ ਵਿੱਚ ਵੱਡੀ ਕਾਰਵਾਈ ਕੀਤੀ ਜਾਵੇਗੀ।