ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਪਰੈਲ
ਹਰਿਆਣਾ ਦੀ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਅਨੀਸ਼ ਖਟਕੜ, ਨਵਦੀਪ ਸਿੰਘ ਤੇ ਗੁਰਕੀਰਤ ਸਿੰਘ ਦੀ ਰਿਹਾਈ ਲਈ ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਰੇਲਵੇ ਟਰੈਕ ’ਤੇ ਸਥਿਤ ਸ਼ੰਭੂ ਰੇਲਵੇ ਸਟੇਸ਼ਨ ’ਤੇ ਲਾਇਆ ਗਿਆ ਧਰਨਾ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਉਧਰ ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਅੱਜ ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਕਰਕੇ ਹਰਿਆਣਾ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ। ਤਰਕ ਸੀ ਕਿ ਜੇਕਰ 21 ਅਪਰੈਲ ਤੱਕ ਇਨ੍ਹਾਂ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ 22 ਅਪਰੈਲ ਨੂੰ ਜੀਂਦ ਜ਼ਿਲ੍ਹੇ ਵਿੱਚ ਪੰਚਾਇਤੀ ਮੀਟਿੰਗ ਕਰ ਕੇ ਸਖ਼ਤ ਫੈਸਲਿਆਂ ਦਾ ਐਲਾਨ ਕਰਨਗੇ। ਕਿਸਾਨ ਆਗੂ ਸੁਰਜੀਤ ਫੂਲ, ਮਨਜੀਤ ਘੁਮਾਣਾ, ਮਨਜੀਤ ਨਿਆਲ ਅਤੇ ਅਮਰਜੀਤ ਮੌੜ੍ਹੀ ਨੇ ਐਲਾਨ ਕੀਤਾ ਕਿ ਉਹ 23 ਅਪਰੈਲ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਹਾਜ਼ਰ ਹੋਣਗੇ ਅਤੇ ਭਾਜਪਾ ਲੀਡਰਸ਼ਿਪ ਦੀ ਖੁੱਲ੍ਹੀ ਬਹਿਸ ਲਈ ਉਡੀਕ ਕਰਨਗੇ।
ਕਿਸਾਨਾਂ ਦੇ ਧਰਨੇ ਕਾਰਨ 382 ਗੱਡੀਆਂ ਪ੍ਰਭਾਵਿਤ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਰੇਲਵੇ ਡਿਵੀਜ਼ਨ ਦੇ ਅੰਬਾਲਾ ਕੈਂਟ ਜੰਕਸ਼ਨ-ਸਾਹਨੇਵਾਲ ਸੈਕਸ਼ਨ ਤੇ ਸ਼ੰਭੂ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਕਾਰਨ 382 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਵਿਚੋਂ 139 ਰੱਦ ਕੀਤੀਆਂ ਗਈਆਂ ਹਨ ਅਤੇ 170 ਗੱਡੀਆਂ ਦੇ ਰੂਟ ਬਦਲੇ ਗਏ ਹਨ। ਇਸ ਧਰਨੇ ਕਾਰਨ ਯੂਪੀ, ਦਿੱਲੀ ਅਤੇ ਹਰਿਆਣਾ ਤੋਂ ਪੰਜਾਬ ਅਤੇ ਜੰਮੂ-ਕਸ਼ਮੀਰ ਜਾਣ ਵਾਲੀਆਂ ਸਾਰੀਆਂ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਰੇਲਵੇ ਨੇ ਰੱਦ ਕੀਤੀਆਂ 30 ਗੱਡੀਆਂ ਦੀ ਸੂਚੀ ਅੱਜ ਜਾਰੀ ਕੀਤੀ ਹੈ, ਜਿਸ ਵਿੱਚ 14502-3 ਕਾਲਕਾ-ਮਾਂ ਵੈਸ਼ਨੋ ਦੇਵੀ ਐਕਸਪ੍ਰੈੱਸ, 14629-30 ਫ਼ਿਰੋਜ਼ਪੁਰ-ਚੰਡੀਗੜ੍ਹ ਐਕਸਪ੍ਰੈੱਸ, 14505 ਅੰਮ੍ਰਿਤਸਰ-ਨੰਗਲ ਡੈਮ, 04689 ਅੰਬਾਲਾ-ਜਲੰਧਰ, 04509 ਜਾਖ਼ਲ-ਲੁਧਿਆਣਾ ਸਵਾਰੀ ਗੱਡੀ ਸਮੇਤ ਕਈ ਗੱਡੀਆਂ ਸ਼ਾਮਲ ਹਨ।