ਸੰਤੋਖ ਗਿੱਲ
ਗੁਰੂਸਰ ਸੁਧਾਰ, 29 ਜੁਲਾਈ
ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਪੱਕੇ ਕਿਸਾਨ ਮੋਰਚੇ ਦੋਰਾਨ ਅੱਜ ‘ਕਿਸਾਨ ਸੰਸਦ’ ਵਿੱਚ ‘ਬਿਜਲੀ ਬਿੱਲ-2021’ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ‘ਕਿਸਾਨ ਸੰਸਦ’ ਵਿੱਚ ਅਮਨਦੀਪ ਕੌਰ ਨੂੰ ਸਪੀਕਰ ਅਤੇ ਰਘਵੀਰ ਸਿੰਘ ਬੈਨੀਪਾਲ ਨੂੰ ਵਿਧੀਵਤ ਢੰਗ ਨਾਲ ਡਿਪਟੀ ਸਪੀਕਰ ਚੁਣਿਆ ਗਿਆ। ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਉਪਰੰਤ ਸ਼ੁਰੂ ਹੋਈ ਬਹਿਸ ਵਿੱਚ ਹਿੱਸਾ ਲੈਂਦਿਆਂ ਜਗਤਾਰ ਸਿੰਘ ਚਕੋਹੀ, ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋਂ ਨੇ ਕਿਹਾ ਕਿ ਕਿਸਾਨ ਮੋਰਚੇ ਦੇ ਆਗੂਆਂ ਨਾਲ ਗਿਆਰਾਂ ਗੇੜ ਦੀ ਵਾਰਤਾ ਦੌਰਾਨ, ਜਿਸ ਕਾਨੂੰਨ ਨੂੰ ਲਾਗੂ ਨਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਅੱਜ ਬਗ਼ੈਰ ਕਿਸੇ ਬਹਿਸ ਦੇ ਉਹੀ ਕਾਨੂੰਨ ਪਾਸ ਕਰਨ ਦੀ ਤਿਆਰੀ ਨੇ ਮੋਦੀ ਹਕੂਮਤ ਦੇ ਅਸਲ ਮਨਸੂਬੇ ਨੰਗੇ ਕਰ ਦਿੱਤੇ ਹਨ।
ਆਗੂਆਂ ਨੇ ਕਿਹਾ ਕਿ ‘ਬਿਜਲੀ ਬਿੱਲ-2021’ ਲਾਗੂ ਹੋਣ ਨਾਲ ਦੇਸ਼ ਵਿੱਚੋਂ ਪਾਵਰ ਸੈਕਟਰ ਨਾਲ ਸਬੰਧਤ ਜਨਤਕ ਖੇਤਰ ਦੇ ਬਿਜਲੀ ਬੋਰਡਾਂ ਅਤੇ ਬਿਜਲੀ ਉਤਪਾਦਨ ਦੇ ਵਸੀਲਿਆਂ ਨੂੰ ਖ਼ਤਮ ਕਰ ਕੇ ਪੂੰਜੀਪਤੀ ਘਰਾਣਿਆਂ ਦੀ ਇਜਾਰੇਦਾਰੀ ਦਾ ਰਾਹ ਪੱਧਰਾ ਹੋ ਜਾਵੇਗਾ। ਕਾਨੂੰਨ ਲਾਗੂ ਹੋਣ ਨਾਲ ਦੇਸ਼ ਦੇ ਲੋਕਾਂ ਨੂੰ ਮਹਿੰਗੇ ਭਾਅ ਬਿਜਲੀ ਮਿਲੇਗੀ। ਨਿੱਜੀ ਕੰਪਨੀਆਂ ਕਿਰਤ ਕਾਨੂੰਨਾਂ ਦੀ ਉਲੰਘਣਾ ਕਰ ਕੇ ਬਿਜਲੀ ਕਾਮਿਆਂ ਦਾ ਸ਼ੋਸ਼ਣ ਕਰਨਗੀਆਂ। ਕਿਸਾਨ ਸੰਸਦ ਨੇ ਪ੍ਰਾਈਵੇਟ ਕੰਪਨੀਆਂ ਨਾਲ ਹੋਏ ਬਿਜਲੀ ਸਮਝੌਤੇ ਰੱਦ ਕਰ ਕੇ ਪ੍ਰਾਈਵੇਟ ਬਿਜਲੀ ਕੰਪਨੀਆਂ ਸਰਕਾਰੀ ਹੱਥਾਂ ਵਿੱਚ ਲੈਣ ਦਾ ਮਤਾ ਪਾਸ ਕੀਤਾ। ਬਹਿਸ ਵਿੱਚ ਜਨਵਾਦੀ ਇਸਤਰੀ ਸਭਾ ਦੀ ਆਗੂ ਸੁਖਵਿੰਦਰ ਕੌਰ, ਕੁਲਜੀਤ ਕੌਰ ਨੇ ਭਾਗ ਲਿਆ।
ਸਿਆਸੀ ਧਿਰਾਂ ਦੀਆਂ ਸਾਜ਼ਿਸ਼ਾਂ ਫੇਲ੍ਹ ਕਰਨ ਦਾ ਸੱਦਾ
ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਬੁਲਾਰਿਆਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਸਿਆਸੀ ਜਮਾਤਾਂ ਵੱਲੋਂ ਜਥੇਬੰਦਕ ਏਕੇ ਨੂੰ ਕਮਜ਼ੋਰ ਕਰਨ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਸੂਬੇ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੇ ਘਰਾਂ ਅੱਗੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਟਿਕਾਣਿਆਂ, ਪੈਟਰੋਲ ਪੰਪਾਂ ਸਮੇਤ ਕਰੀਬ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕੋਈ ਵੀ ਤਰ੍ਹਾਂ ਦੀ ਚਾਲ ਕਿਸਾਨੀ ਅੰਦੋਲਨ ਨੂੰ ਮੱਠਾ ਨਹੀਂ ਪਾ ਸਕੀ। ਬੁਲਾਰਿਆਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ, 31 ਜੁਲਾਈ ਨੂੰ ‘ਸਾਮਰਾਜ ਵਿਰੋਧੀ ਦਿਵਸ’ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਇੱਕ ਵੱਡੀ ਜਿੱਤ ਇਹ ਵੀ ਹੈ ਕਿ ਭਾਜਪਾ ਪੱਖੀ ਮੀਡੀਆ ਦੇ ਕੁੱਝ ਚੈਨਲ ਵੀ ‘ਕਿਸਾਨ ਸੰਸਦ’ ਦੀ ਕਾਰਵਾਈ ਦਿਖਾਉਣ ਲਈ ਮਜਬੂਰ ਹੋਏ ਹਨ।