ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੁਲਾਈ
ਯੂਰੀਆ ਖਾਦ ਦੀ ਘਾਟ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਦ ਦੀ ਇਸ ਕਮੀ ਕਾਰਨ ਝੋਨਾ ਤੇ ਨਰਮਾ ਪੀਲਾ ਪੈਣ ਲੱਗਾ ਹੈ ਜਦੋਂਕਿ ਸਬਜ਼ੀਆਂ ਅਤੇ ਹਰੇ ਚਾਰੇ ਦੀਆਂ ਫ਼ਸਲਾਂ ਦਾ ਵਾਧਾ ਵੀ ਰੁਕਣ ਲੱਗਿਆ ਹੈ। ਕਿਸਾਨਾਂ ’ਤੇ ਪਈ ਇਸ ਮੁਸੀਬਤ ਦੌਰਾਨ ਨਾ ਤਾਂ ਸੂਬਾ ਸਰਕਾਰ ਨੇ ਹੱਥ ਫੜਿਆ ਤੇ ਨਾ ਹੀ ਖੇਤੀ ਵਿਭਾਗ ਨੇ ਦੁਕਾਨਦਾਰਾਂ ਵੱਲੋਂ ਸਟੋਰ ਕਰ ਕੇ ਰੱਖੀ ਖਾਦ ਬਾਹਰ ਕਢਵਾਉਣ ਦਾ ਕੋਈ ਠੋਸ ਉਪਰਾਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਮੌਨਸੂਨ ਸੀਜ਼ਨ ਦੌਰਾਨ ਝੋਨੇ ਤੇ ਨਰਮੇ ਸਮੇਤ ਸਾਰੀਆਂ ਫ਼ਸਲਾਂ ਨੂੰ ਨਾਈਟ੍ਰੋਜਨ ਦੀ ਬੇਹੱਦ ਜ਼ਰੂਰਤ ਹੁੰਦੀ ਹੈ ਤੇ ਯੂਰੀਆ ਰਾਹੀਂ ਹੀ ਇਹ ਲੋੜ ਪੂਰੀ ਹੁੰਦੀ ਹੈ।
ਕਿਸਾਨ ਯੂਰੀਆ ਲੈਣ ਲਈ ਪਿਛਲੇ ਹਫ਼ਤੇ ਤੋਂ ਆ ਰਹੇ ਹਨ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ। ਸਹਿਕਾਰੀ ਸੁਸਾਇਟੀਆਂ ਵਾਲੇ ਖਾਦ ਸਬੰਧੀ ਹੱਥ ਖੜ੍ਹੇ ਕਰ ਰਹੇ ਹਨ। ਬਾਜ਼ਾਰ ਵਿਚ ਜਿਹੜੀ ਖਾਦ ਆ ਰਹੀ ਹੈ, ਉਸ ਨੂੰ ਵੱਡੇ ਦੁਕਾਨਦਾਰ ਕਥਿਤ ਤੌਰ ’ਤੇ ਬਲੈਕ ਵਿਚ ਵੇਚਣ ਦੇ ਨਾਲ ਇੱਕ ਖਾਦ ਦੇ ਥੈਲੇ ਨਾਲ ਹੋਰ ਵਸਤੂਆਂ ਲਾ ਕੇ ਵੇਚਣ ਲੱਗੇ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੇਤੀ ਵਿਭਾਗ ਅਤੇ ਸਰਕਾਰ ਕਿਸਾਨਾਂ ਨੂੰ ਤੁਰੰਤ ਲੋੜੀਂਦੀ ਖਾਦ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਖਾਦ ਦੀ ਵੰਡ ਕਿਸਾਨਾਂ ਦੇ ਆਧਾਰ ਕਾਰਡ ਨਾਲ ਜੋੜੀ: ਖੇਤੀ ਅਧਿਕਾਰੀ
ਜ਼ਿਲ੍ਹਾ ਖੇਤੀਬਾੜੀ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਯੂਰੀਆ ਖਾਦ ਦੀ ਘਾਟ ਪੈਦਾ ਹੋ ਸਕਦੀ ਹੈ ਪਰ ਹਾਲੇ ਕਿਤੇ ਵੀ ਵੇਖਣ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕੇਂਦਰ ਦੇ ਨਵੇਂ ਫੈਸਲੇ ਮੁਤਾਬਕ ਹੁਣ ਇਹ ਖਾਦ ਕਿਸਾਨ ਦੇ ਆਧਾਰ ਕਾਰਡ ਨਾਲ ਜੋੜੀ ਜਾ ਰਹੀ ਹੈ ਅਤੇ ਪੋਅਸ ਮਸ਼ੀਨਾਂ ਰਾਹੀਂ ਵੰਡਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਬਿਨਾਂ ਖਾਦ ਵੰਡਣੀ ਗੈਰਕਾਨੂੰਨੀ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਕਿਸਾਨ ਨੂੰ ਪੋਅਸ ਮਸ਼ੀਨਾਂ ਰਾਹੀਂ ਹੀ ਖਾਦ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਗਈ ਹੈ ਜਦੋਂ ਕਿ ਫਿਜ਼ੀਕਲ ਸਟਾਕ ਜ਼ੀਰੋ ਹੋਇਆ ਪਿਆ ਹੈ।