ਜੋਗਿੰਦਰ ਸਿੰਘ ਮਾਨ
ਮਾਨਸਾ, 26 ਸਤੰਬਰ
ਪੰਜਾਬ ਦੇ ਕਿਸਾਨ ਆਗੂਆਂ ਦੀ ਕਰਨਾਟਕ ਵਿੱਚ ਹੋਈ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਪਿੰਡ ਭੈਣੀਬਾਘਾ ਨੇੜੇ ਬਠਿੰਡਾ-ਪਟਿਆਲਾ ਮੁੱਖ ਮਾਰਗ ਜਾਮ ਕਰ ਦਿੱਤਾ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਕਰਨਾਟਕ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਓਨਾ ਚਿਰ ਇਹ ਜਾਮ ਬਰਕਰਾਰ ਰਹੇਗਾ।
ਕਿਸਾਨਾਂ ਮੁਤਾਬਕ ਕਾਰਨਾਟਕ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਪਹਿਲਾਂ ਤੋਂ ਤੈਅ ਜਥੇਬੰਦਕ ਪ੍ਰੋਗਰਾਮ ਅਨੁਸਾਰ ਵਿਧਾਨ ਸਭਾ ਦੇ ਘਿਰਾਓ ਲਈ ਰੇਲਵੇ ਸਟੇਸ਼ਨ ਤੋਂ ਵਿਧਾਨ ਸਭਾ ਵੱਲ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਕਰਨਾਟਕ ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਇੰਦਰਜੀਤ ਸਿੰਘ ਕੋਟ ਬੁੱਢਾ, ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਸੁਖਪਾਲ ਸਿੰਘ ਡੱਫਰ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ, ਸਤਨਾਮ ਸਿੰਘ ਬਾਗੜੀਆ, ਗੁਣਵੰਤ ਸਿੰਘ ਫਾਜ਼ਿਲਕਾ ਖੋਸਾ, ਨਰਿੰਦਰ ਸਿੰਘ ਕੋਟਲਾਬਾਮਾ, ਕੇਵੀ ਬੀਜੂ ਕੇਰਲਾ, ਅਭਿਮੰਨਿਊ ਕੋਹਾੜ ਹਰਿਆਣਾ, ਸਚਿਨ ਮਹਾਪਾਤਰਾ ਤੇ ਜੇਕੇ ਪਟੇਲ ਗੁਜਰਾਤ ਸਮੇਤ ਸੈਂਕੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇੱਥੇ ਨਹਿਰੀ ਪੁਲ ’ਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਆਗੂਆਂ ਦੀ ਰਿਹਾਈ ਲਈ ਦੇਸ਼ ਭਰ ਦੇ ਪ੍ਰਮੁੱਖ ਮਾਰਗ ਜਾਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਲਖਵੀਰ ਸਿੰਘ ਅਕਲੀਆ ਤੇ ਜਗਦੇਵ ਸਿੰਘ ਭੈਣੀ ਬਾਘਾ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਚੱਕਾ ਜਾਮ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੰਸਦ ਮੈਂਬਰਾਂ ਨੂੰ ਮੰਗ ਪੱਤਰ
ਚੰਡੀਗੜ੍ਹ (ਟਨਸ): ਇੱਥੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਸੌਂਪੇ ਗਏ ਅਤੇ ਰੋਸ ਮਾਰਚ ਕੱਢੇ। ਮਾਰਚਾਂ ਦੀ ਅਗਵਾਈ ਡਾ. ਦਰਸ਼ਨਪਾਲ, ਗੁਰਮੀਤ ਸਿੰਘ ਮਹਿਮਾ, ਹਰਭਜਨ ਸਿੰਘ ਬੁੱਟਰ, ਰੇਸ਼ਮ ਸਿੰਘ ਮਿੱਡਾ ਅਤੇ ਅਵਤਾਰ ਸਿੰਘ ਮਹਿਮਾ ਸਮੇਤ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਨੇ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ 10 ਮਹੀਨੇ ਬੀਤਣ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਦੇ ਨਾਂ ਪੂਰੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਫਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਬਰਨਾਲਾ ਵਿੱਚ ਸਿਮਰਨਜੀਤ ਸਿੰਘ ਮਾਨ, ਪਠਾਨਕੋਟ ਵਿੱਚ ਸਨੀ ਦਿਓਲ, ਪਟਿਆਲਾ ਵਿੱਚ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਨਾਂ ਸੌਂਪੇ ਗਏ ਹਨ। ਫਰੀਦਕੋਟ ਦੇ ਸੰਸਦ ਮੈਂਬਰ ਮਹੁੰਮਦ ਸਦੀਕ ਦੇ ਜੈਤੋ ਦਫ਼ਤਰ ਵਿੱਚ ਕਿਸਾਨ ਪੁੱਜੇ ਤਾਂ ਕੋਈ ਵੀ ਜ਼ਿੰਮੇਵਾਰ ਵਿਅਕਤੀ ਮੰਗ ਪੱਤਰ ਲੈਣ ਨਹੀਂ ਪਹੁੰਚਿਆ, ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਨੂੰ ਗੇਟ ਨਾਲ ਚਿਪਕਾ ਦਿੱਤਾ। ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਦੇ ਸੰਸਦ ਮੈਂਬਰ ਸਰਕਾਰ ਉੱਪਰ ਇਸ ਗੱਲ ਦਾ ਦਬਾਅ ਬਣਾਉਣ ਕਿ ਉਹ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ।
ਜ਼ਿਲ੍ਹਾ ਬਠਿੰਡਾ ਵਿੱਚ ਅੱਠ ਥਾਵਾਂ ’ਤੇ ਚੱਕਾ ਜਾਮ
ਬਠਿੰਡਾ (ਮਨੋਜ ਸ਼ਰਮਾ): ਕਰਨਾਟਕ ਵਿੱਚ ਕਿਸਾਨਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਸਮੇਤ ਗੈਰ-ਰਾਜਨੀਤਕ ਜਥੇਬੰਦੀਆਂ ਨੇ ਕਿਸਾਨ ਆਗੂ ਬਲਦੇਵ ਸਿੰਘ ਦੀ ਅਗਵਾਈ ਹੇਠ ਬਠਿੰਡਾ ਜ਼ਿਲ੍ਹੇ ਦੀਆਂ ਵੱਖ-ਵੱਖ ਸੜਕਾਂ ਜਾਮ ਕਰ ਕੇ ਕਰਨਾਟਕ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜ਼ਿਲ੍ਹੇ ਵਿੱਚ ਜਥੇਬੰਦੀ ਦੇ ਨਥਾਣਾ ਬਲਾਕ ਵੱਲੋਂ ਲਹਿਰਾਂ ਮੁਹੱਬਤ, ਬਲਾਕ ਰਾਮਪੁਰਾ ਵਿੱਚ ਮੰਡੀ ਕਲਾਂ ਤੇ ਰਾਮਪੁਰਾ ਰਿਲਾਇੰਸ ਪੰਪ ਨੇੜੇ, ਬਠਿੰਡਾ ਬਲਾਕ ਵੱਲੋਂ ਗੋਨਿਆਣਾ ਨੇੜੇ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ, ਤਲਵੰਡੀ ਸਾਬੋ ਦੇ ਰਾਮਦਾਸ ਚੌਕ, ਮੌੜ ਬਲਾਕ ਵੱਲੋਂ ਹਰਿਆਲੀ ਪੰਪ ਨੇੜੇ ਅਤੇ ਕੋਟਸ਼ਮੀਰ ਲਾਗੇ ਦੋਵੇਂ ਸੜਕਾਂ, ਬਲਾਕ ਸੰਗਤ ਗੁੜਥੜੀ ਵਿੱਚ ਡਬਵਾਲੀ ਮਾਰਗ ਸਣੇ ਹੋਰਨਾਂ ਥਾਵਾਂ ’ਤੇ ਚੱਕਾ ਜਾਮ ਕੀਤਾ ਗਿਆ। ਕਿਸਾਨ ਆਗੂਆਂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ ਸਾਥੀ ਆਗੂਆਂ ਦੀ ਰਿਹਾਈ ਦਾ ਹੁਕਮ ਸੁਣਦਿਆਂ ਹੀ ਧਰਨੇ ਸਮਾਪਤ ਕਰ ਦਿੱਤੇ ਗਏ ਹਨ।