ਦਵਿੰਦਰ ਪਾਲ
ਚੰਡੀਗੜ੍ਹ, 23 ਦਸੰਬਰ
ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰਾਂ ਤੇ ਦੋ ਜ਼ਿਲ੍ਹਿਆਂ ਵਿੱਚ ਐੱਸਡੀਐੱਮ ਦਫ਼ਤਰਾਂ ਵਿਚ ਕਿਸਾਨਾਂ ਦੇ ਧਰਨੇ ਅੱਜ ਚੌਥੇ ਦਿਨ ਵੀ ਜਾਰੀ ਰਹੇ। ਉਧਰ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲ ਪਟੜੀਆਂ ’ਤੇ ਧਰਨਿਆਂ ਦਾ ਦਾਇਰਾ ਵਧਾਉਂਦਿਆਂ ਸੂਬੇ ਦੇ ਛੇ ਮਾਰਗ ਜਾਮ ਕਰ ਦਿੱਤੇ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਦੀ ਅੱਜ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹੋਰਨਾਂ ਮੰਤਰੀਆਂ ਨਾਲ ਕਿਸਾਨੀ ਮੁੱਦਿਆਂ ’ਤੇ ਮੀਟਿੰਗ ਹੋਈ ਪਰ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਦਫ਼ਤਰਾਂ ’ਚ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੰਜ ਮੰਗਾਂ ਮੰਨ ਲਈਆਂ ਹਨ, ਬਾਕੀ ਮੰਗਾਂ ਲਈ 30 ਦਸੰਬਰ ਨੂੰ ਮੁੜ ਮੀਟਿੰਗ ਸੱਦੀ ਹੈ। ਕਿਸਾਨ ਆਗੂਆਂ ਨੇ ਚੰਨੀ ਸਰਕਾਰ ’ਤੇ ਕਿਸਾਨ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਣਾਉਣ ਦੇ ਦੋਸ਼ ਲਾਏ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲ ਪਟੜੀਆਂ ’ਤੇ ਲਾਏ ਮੋਰਚਿਆਂ ਦਾ ਦਾਇਰਾ ਵਧਾਉਂਦਿਆਂ ਛੇ ਰੇਲ ਮਾਰਗਾਂ ’ਤੇ ਰੇਲ ਗੱਡੀਆਂ ਦਾ ਚੱਕਾ ਜਾਮ ਕਰ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਮੋਰਚਿਆਂ ਜਥੇਬਦੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਬਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਛੇ ਰੇਲ ਮਾਰਗਾਂ ’ਤੇ ਇਹ ਮੋਰਚੇ ਅਗਲੇ ਐਲਾਨ ਤੱਕ ਜਾਰੀ ਰਹਿਣਗੇ। ਅੱਜ ਜਲੰਧਰ ਵਿਚ ਵੀ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।
ਮੁੱਖ ਮੰਤਰੀ ਨੇ ਮੰਗਾਂ ਲਈ ਹਫ਼ਤੇ ਦਾ ਸਮਾਂ ਮੰਗਿਆ: ਉਗਰਾਹਾਂ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਬੀਕੇਯੂ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਹਨ। ਇਸ ਲਈ ਹਫ਼ਤੇ ਦਾ ਸਮਾਂ ਲਿਆ ਹੈ। ਜੇ ਮੰਗਾਂ ਹੱਲ ਨਾ ਹੋਈਆਂ ਤਾਂ ਮੋਰਚੇ ਹੋਰ ਮਜ਼ਬੂਤ ਕੀਤੇ ਜਾਣਗੇ। ਉਹ ਸੂਬਾ ਟੀਮ ਸਣੇ ਇੱਥੇ ਪੈਪਸੀਕੋ ਵਰਕਰਜ਼ ਯੂਨੀਅਨ ਏਟਕ ਚੰਨੋਂ ਵੱਲੋਂ ਰੱਖੇ ਸਨਮਾਨ ਸਮਾਗਮ ਵਿਚ ਪੁੱਜੇ ਹੋਏ ਸਨ। ਕੰਪਨੀ ਦੇ ਮੁੱਖ ਗੇਟ ’ਤੇ ਪੈਪਸੀਕੋ ਵਰਕਰਾਂ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ ਸਣੇ ਸੂਬਾ ਟੀਮ ਦਾ ਸਨਮਾਨ ਕੀਤਾ ਗਿਆ। ਵਰਕਰ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਨੇ ਕਿਸਾਨ ਅੰਦੋਲਨ ਦੀ ਜਿੱਤ ’ਤੇ ਟੀਮ ਨੂੰ ਵਧਾਈ ਦਿੱਤੀ।
ਰੇਲਾਂ ਬੰਦ ਹੋਣ ਕਾਰਨ ਮੁਸਾਫ਼ਿਰ ਅੰਬਾਲਾ ’ਚ ਫਸੇ
ਅੰਬਾਲਾ/ ਅੰਮ੍ਰਿਤਸਰ (ਰਤਨ ਸਿੰਘ ਢਿੱਲੋਂ/ ਜਗਤਾਰ ਸਿੰਘ ਲਾਂਬਾ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨਿਆਂ ਕਾਰਨ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਕੁੱਲ 79 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ 46 ਮੇਲ ਤੇ ਐਕਸਪ੍ਰੈੱਸ ਅਤੇ 33 ਯਾਤਰੂ ਰੇਲ ਗੱਡੀਆਂ ਸ਼ਾਮਲ ਹਨ। ਪੰਜਾਬ ਵੱਲ ਗੱਡੀਆਂ ਨਾ ਜਾਣ ਕਰ ਕੇ ਅੱਜ ਵੀ ਅੰਬਾਲਾ ’ਚ ਸੈਂਕੜੇ ਮੁਸਾਫ਼ਿਰ ਪ੍ਰੇਸ਼ਾਨ ਹੁੰਦੇ ਰਹੇ। ਕੁਝ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਦਿਨ ਪਹਿਲਾਂ ਰਿਜ਼ਰਵੇਸ਼ਨ ਕਰਵਾਈ ਸੀ ਪਰ ਸਟੇਸ਼ਨ ’ਤੇ ਆ ਕੇ ਪਤਾ ਲੱਗਾ ਕਿ ਗੱਡੀਆਂ ਰੱਦ ਹਨ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਸਾਫ਼ਰਾਂ ਦੀ ਸਹੂਲਤ ਲਈ ਗੱਡੀਆਂ ਰੱਦ ਹੋਣ ਸਬੰਧੀ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਉੱਪਰੋਂ ਹੁਕਮ ਆਉਣ ’ਤੇ ਗੱਡੀਆਂ ਬਹਾਲ ਕਰ ਦਿੱਤੀਆਂ ਜਾਣਗੀਆਂ। ਕਿਰਾਇਆ ਮੋੜਨ ਦੇ ਪ੍ਰਬੰਧ ਵੀ ਕੀਤੇ ਗਏ ਹਨ। ਰੋਡਵੇਜ਼ ਦੇ ਜਨਰਲ ਮੈਨੇਜਰ ਜੋਗਿੰਦਰ ਰਾਵਤ ਨੇ ਦੱਸਿਆ ਕਿ ਪੰਜਾਬ ਜਾਣ ਵਾਲੀਆਂ ਸਵਾਰੀਆਂ ਲਈ ਅੰਬਾਲਾ ਤੋਂ ਵਾਧੂ ਬੱਸਾਂ ਚਲਾਈਆਂ ਜਾ ਰਹੀਆਂ ਹਨ।