ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਲਕੇ ਦਿੱਲੀ ਵਿੱਚ ਵੱਖ ਵੱਖ ਮੋਰਚਿਆਂ ’ਤੇ ਵਿਸਾਖੀ ਤੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ ਜਾਵੇਗਾ ਜਦੋਂਕਿ 14 ਅਪਰੈਲ ਨੂੰ ਅੰਬੇਦਕਰ ਜੈਅੰਤੀ ‘ਸੰਵਿਧਾਨ ਬਚਾਓ ਦਿਵਸ’ ਤੇ ‘ਕਿਸਾਨ ਬਹੁਜਨ ਏਕਤਾ ਦਿਵਸ’ ਦੇਸ਼ ਭਰ ਵਿੱਚ ਮਨਾਈ ਜਾਵੇਗੀ। ਮੋਰਚੇ ਨੇ ਇਸ ਦਿਨ ਦੇਸ਼ ਭਰ ਦੇ ਦਲਿਤ ਆਦਿਵਾਸੀਆਂ ਤੇ ਬਹੁਜਨਾਂ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਬਹੁਜਨ ਸਮਾਜ ਦੇ ਕਈ ਨੁਮਾਇੰਦੇ 14 ਅਪਰੈਲ ਨੂੰ ਸਿੰਧੂ, ਟਿਕਰੀ, ਗਾਜ਼ੀਪੁਰ ਤੇ ਦਿੱਲੀ ਦੇ ਆਲੇ ਦੁਆਲੇ ਕਿਸਾਨਾਂ ਦੇ ਹੋਰ ਧਰਨਿਆਂ ’ਤੇ ਪਹੁੰਚਣਗੇ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ, ‘ਡਾ. ਭੀਮ ਰਾਓ ਅੰਬੇਦਕਰ ਦੇਸ਼ ਦੇ ਸ਼ੋਸ਼ਿਤ, ਦੱਬੇ-ਕੁਚਲੇ ਲੋਕਾਂ ਦੀ ਆਜ਼ਾਦੀ ਦੇ ਸੁਫ਼ਨੇ ਦੇ ਨਾਇਕ ਹਨ। ਅਸੀਂ ਉਨ੍ਹਾਂ ਨੂੰ ਸੰਵਿਧਾਨ ਦੇ ਸਿਰਜਣਹਾਰ ਵਜੋਂ ਜਾਣਦੇ ਹਾਂ। ਅੱਜ ਜਦੋਂ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਖੇਤੀਬਾੜੀ ਅਤੇ ਕਰਜ਼ੇ ਕਰ ਕੇ ਘਾਟਾ ਵੱਧ ਰਿਹਾ ਹੈ, ਤਾਂ ਇਸ ਦੇ ਕਾਰਨ ਖੇਤੀ ਨਾਲ ਜੁੜੇ ਲੋਕਾਂ ਉਤੇ ਸੰਕਟ ਵੀ ਵੱਧ ਰਿਹਾ ਹੈ।’ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਲਈ ਬਣਾਏ ਇਹ ਤਿੰਨ ਕਾਨੂੰਨ ਤੇ ਬਿਜਲੀ ਬਿੱਲ 2020 ਵੀ ਮੋਦੀ ਸਰਕਾਰ ਦੀਆਂ ਗ਼ਰੀਬ ਵਿਰੋਧੀ ਨੀਤੀਆਂ ਦਾ ਅਗਲਾ ਕਦਮ ਹਨ। ਅੱਜ ਇਹ ਕਾਨੂੰਨ ਜ਼ਮੀਨਾਂ ਵਾਲੇ ਤੇ ਬੇਜ਼ਮੀਨੇ ਕਿਸਾਨਾਂ ਲਈ ਖਤਰਾ ਬਣ ਗਏ ਹਨ। ਖੇਤੀ ਦਾ ਇਹ ਨਵਾਂ ਢਾਂਚਾ ਬੇਜ਼ਮੀਨੇ ਤੇ ਗਰੀਬਾਂ ਲਈ ਹੋਰ ਵੀ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਠੇਕੇ ’ਤੇ ਖੇਤੀ ਕਰਨ ਵਾਲੇ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਤੋਂ ਹੀ ਆਉਂਦੇ ਹਨ। ਦੇਸ਼ ਦੇ ਲੋਕਾਂ ਲਈ ਇਹ ਬੜੇ ਉਤਸ਼ਾਹ ਦੀ ਗੱਲ ਹੈ ਕਿ ਬੇਜ਼ਮੀਨੇ ਕਿਸਾਨ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਲੜ ਰਹੀਆਂ ਹਨ।
ਕਿਸਾਨ ਆਗੂ ਨੇ ਕਿਹਾ ਕਿ ਭਲਕੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਸ਼ੁਭ ਮੌਕੇ ’ਤੇ ਦਿੱਲੀ ਦੇ ਕਿਸਾਨ-ਮੋਰਚਿਆਂ ’ਤੇ ਬੈਠੇ ਕਿਸਾਨ ਇਸ ਪ੍ਰੋਗਰਾਮ ਨੂੰ ਰਵਾਇਤੀ ਢੰਗ ਨਾਲ ਮਨਾਉਣਗੇ। ਕਿਸਾਨਾਂ-ਮਜ਼ਦੂਰਾਂ-ਗਰੀਬਾਂ ਦੀ ਮੁਕਤੀ ਅਤੇ ਸਮਾਜਿਕ ਨਿਆਂ ਦੀ ਰਾਹ ਦਿਖਾਉਣ ਵਾਲੇ ਖਾਲਸਾ ਪੰਥ ਦੇ ਸਥਾਪਨਾ ਦਿਵਸ ’ਤੇ ਸਿੰਘੂ ਸਰਹੱਦ ’ਤੇ ਵੀ ਪ੍ਰੋਗਰਾਮ ਹੋਣਗੇ। ਟਿੱਕਰੀ ਬਾਰਡਰ ’ਤੇ ‘ਪਿੰਡ ਕੈਲੀਫੋਰਨੀਆ’ ਤੇ ਵਿਸਾਖੀ ਦੇ ਸਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਖੇਡਾਂ ਅਤੇ ਹੋਰ ਰਵਾਇਤੀ ਪ੍ਰੋਗਰਾਮ ਹੋਣਗੇ।