ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 24 ਮਈ
ਉਸਾਰੀ ਅਧੀਨ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ’ਤੇ ਪੈਂਦੇ ਅੰਡਰਪਾਸ, ਸਿੰਜਾਈ ਖਾਲ ਤੇ ਬਕਾਇਆ ਐਵਾਰਡ ਜਾਰੀ ਕਰਨ ਸਣੇ ਹੋਰਨਾਂ ਮੰਗਾਂ ’ਤੇ ਸੁਣਵਾਈ ਨਾ ਹੋਣ ਦੇ ਵਿਰੋਧ ਵਿੱਚ ਅੱਜ ਪੀੜਤ ਕਿਸਾਨਾਂ ਨੇ ਠੇਕੇਦਾਰ ਕੰਪਨੀ ਦੇ ਅਲੀਕਾਂ ਅਤੇ ਅਬੁੱਬਸ਼ਹਿਰ ਸਥਿਤ ਦੋ ਪਲਾਂਟਾਂ ਦਾ ਘਿਰਾਓ ਕਰਕੇ ਉਥੇ ਚੱਲ ਰਿਹਾ ਉਸਾਰੀ ਕਾਰਜ ਰੁਕਵਾ ਦਿੱਤਾ। ਬੀਤੇ ਕੱਲ੍ਹ ਡੱਬਵਾਲੀ ਦੇ ਥਾਣਾ ਮੁਖੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਅੱਜ ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਤੇ ਹੋਰ ਅਧਿਕਾਰੀ ਇਥੇ ਆ ਕੇ ਉਨ੍ਹਾਂ ਦੀ ਗੱਲ ਸੁਣਨਗੇ। ਕਿਸਾਨ ਰਾਕੇਸ਼ ਫਗੋੜਿਆ, ਦਇਆ ਰਾਮ ਉਲਾਨੀਆ ਤੇ ਵਕੀਲ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਡੱਬਵਾਲੀ ਖੇਤਰ ਦੇ ਨੌਂ ਪਿੰਡਾਂ ਵਿੱਚੋਂ ਲੰਘਦੇ ਭਾਰਤਮਾਲਾ ਐਕਸਪ੍ਰੈੱਸਵੇਅ ਤੋਂ ਪ੍ਰਭਾਵਿਤ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈ ਤੇ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਬੀਤੇ ਕੱਲ੍ਹ ਕਿਸਾਨਾਂ ਨੇ ਪਿੰਡ ਅਲੀਕਾਂ ਸਥਿਤ ਠੇਕੇਦਾਰ ਕੰਪਨੀ ਦੇ ਇੱਕ ਪਲਾਂਟ ਦਾ ਘਿਰਾਓ ਕਰਕੇ ਚਿਤਾਵਨੀ ਦਿੱਤੀ ਸੀ ਕਿ ਜੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਧਰਨੇ ਵਾਲੀ ਥਾਂ ’ਤੇ ਨਾ ਪਹੁੰਚੇ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮਗਰੋਂ ਸਿਟੀ ਥਾਣਾ ਮੁਖੀ ਨੇ ਕਿਸਾਨਾਂ ਨੂੰ ਅੱਜ ਇੱਕ ਵਜੇ ਤੱਕ ਪ੍ਰਾਜੈਕਟ ਡਾਇਰੇਕਟਰ ਤੇ ਹੋਰ ਅਧਿਕਾਰੀਆਂ ਨਾਲ ਗੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ। ਅੱਜ ਉਕਤ ਪਲਾਂਟ ’ਤੇ ਕਿਸੇ ਅਧਿਕਾਰੀ ਦੇ ਨਾ ਪਹੁੰਚਣ ’ਤੇ ਰੋਹ ਵਿੱਚ ਆਏ ਕਿਸਾਨਾਂ ਨੇ ਅਲੀਕਾਂ ਅਤੇ ਅਬੁੱਬਸ਼ਹਿਰ ਪਲਾਂਟਾਂ ਦਾ ਘਿਰਾਓ ਕੀਤਾ। ਉਨ੍ਹਾਂ ਦੱਸਿਆ ਕਿ ਪਲਾਂਟ ਦੇ ਮੁਲਾਜ਼ਮਾਂ ਨੂੰ ਅੰਦਰ-ਬਾਹਰ ਪੈਦਲ ਜਾਣ ਦੀ ਛੋਟ ਦਿੱਤੀ ਹੋਈ ਹੈ, ਪਰ ਨਿਰਮਾਣ ਸਮੱਗਰੀ ਤੇ ਵਾਹਨ ਅੰਦਰ ਆਉਣ ’ਤੇ ਪਾਬੰਦੀ ਹੈ। ਇਸ ਮੌਕੇ ਕਿਸਾਨਾਂ ਨੇ ਠੇਕੇਦਾਰ ਕੰਪਨੀ ਬੀਆਰਸੀ ਦੇ ਪੀਐੱਮ ਊਧਮ ਸਿੰਘ ’ਤੇ ਕਿਸਾਨਾਂ ਨਾਲ ਬਦਸਲੂਕੀ ਕਰਨ ਦੇ ਵੀ ਦੋਸ਼ ਲਾਏ। ਕਿਸਾਨਾਂ ਨੇ ਐਲਾਨ ਕੀਤਾ ਕਿ ਮੰਗਾਂ ਮੰਨੇ ਜਾਣ ਤੱਕ ਦੋਵੇਂ ਪਲਾਂਟਾਂ ’ਤੇ ਦਿਨ-ਰਾਤ ਦਾ ਪੱਕਾ ਧਰਨਾ ਜਾਰੀ ਰਹੇਗਾ ਤੇ ਐਕਸਪ੍ਰੈੱਸਵੇਅ ਦਾ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਦੋਵੇਂ ਥਾਈਂ ਕਿਸਾਨਾਂ ਦਾ ਧਰਨਾ ਜਾਰੀ ਸੀ।