ਦਵਿੰਦਰ ਪਾਲ/ਜੋਗਿੰਦਰ ਸਿੰਘ ਮਾਨ
ਚੰਡੀਗੜ੍ਹ/ਮਾਨਸਾ, 3 ਅਪਰੈਲ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੇ ਘਰਾਂ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਰੇਲਵੇ ਸਟੇਸ਼ਨਾਂ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਜਾਰੀ ਹਨ। ਇਨ੍ਹਾਂ ਧਰਨਿਆਂ ਦੌਰਾਨ ਭਲਕੇ ਪੰਜ ਅਪਰੈਲ ਨੂੰ ਐੱਫਸੀਆਈ ਦਫ਼ਤਰਾਂ ਦੇ ਘਿਰਾਓ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ‘ਮਿੱਟੀ ਸੱਤਿਆਗ੍ਰਹਿ ਯਾਤਰਾ’ ਮਾਨਸਾ ਦੇ ਰਸਤਿਓਂ ਪੰਜਾਬ ਦਾਖਲ ਹੋਈ, ਜਿਸ ਦਾ ਮਾਨਸਾ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਯਾਤਰਾ ਦੀ ਅਗਵਾਈ ਕਰ ਰਹੀ ਉੱਘੀ ਸਮਾਜਿਕ ਕਾਰਕੁਨ ਮੇਧਾ ਪਾਟੇਕਰ ਨੇ ਕਿਹਾ ਕਿ ਉਹ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਮਿੱਟੀ ਇਕੱਠੀ ਕਰ ਕੇ ਦੇਸ਼ ਦੇ ਲੋਕਾਂ ਅਤੇ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਦੇਸ਼ ਜੋੜਨ ਵਿੱਚ ਯਕੀਨ ਰੱਖਦੇ ਹਨ ਨਾ ਕਿ ਤੋੜਨ ਵਿੱਚ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੇ ਸਾਰੇ ਵਰਗਾਂ ਦੇ ਹਿੱਤ ਵੇਖਦਿਆਂ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਅਮਨ-ਸ਼ਾਂਤੀ ਅਤੇ ਭਾਈਚਾਰੇ ਦੀ ਮਿਸਾਲ ਬਣੇ ਕਿਸਾਨ ਅੰਦੋਲਨ ਨੇ ਦੁਨੀਆਂ ਭਰ ’ਚ ਆਪਣੀ ਆਵਾਜ਼ ਪਹੁੰਚਾਈ ਹੈ। ਕਿਸਾਨ ਅੰਦੋਲਨ ਨੇ ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਚੇਤਨਾ ਦਾ ਵੱਡਾ ਪ੍ਰਸਾਰ ਕੀਤਾ ਹੈ। ਦੇਸ਼ ਭਰ ਦੇ ਲੋਕਾਂ ਵੱਲੋਂ ਦਿਖਾਈ ਇੱਕਜੁਟਤਾ ਭਵਿੱਖ ਲਈ ਚੰਗਾ ਸੰਕੇਤ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਅੱਜ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ’ਤੇ ਲੱਗੇ ਪੱਕੇ ਮੋਰਚਿਆਂ ’ਚ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ ਤੇ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਵਿੱਚ ਡਟੇ ਰਹਿਣ ਦਾ ਸੱਦਾ ਦਿੱਤਾ।
ਸੰਯੁਕਤ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਔਰਤਾਂ ਅਤੇ ਨੌਜਵਾਨਾਂ ਦੇ ਕਾਫਲਿਆਂ ਦਾ ਦਿੱਲੀ ਵੱਲ ਜਾਣਾ ਜਾਰੀ ਹੈ। ਅੱਜ ਮੁਕਤਸਰ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ’ਚੋਂ ਔਰਤਾਂ ਦੇ ਕਾਫ਼ਲੇ ਦਿੱਲੀ ਲਈ ਰਵਾਨਾ ਹੋਏ। ਇਸੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ’ਚ ਵੀ ਸੰਘਰਸ਼ ’ਚ ਸ਼ਾਮਲ ਹੋਣ ਲਈ ਮੀਟਿੰਗਾਂ ਹੋਈਆਂ। ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮਈ ਵਿੱਚ ‘ਸੰਸਦ ਮਾਰਚ’ ਕੀਤਾ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਕਿਸਾਨ, ਵਪਾਰੀ, ਬੇਰੁਜ਼ਗਾਰ, ਦਲਿਤ ਅਤੇ ਸਮਾਜ ਦੇ ਹੋਰ ਵਰਗ ਸ਼ਾਮਲ ਹੋਣਗੇ।
ਪੰਜਾਬ ਸਰਕਾਰ ਨੇ ਅਨਾਜ ਭੰਡਾਰਾਂ ਬਾਰੇ ਰਿਪੋਰਟ ਮੰਗੀ
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਨੇ ਕਣਕ ਦੀ 10 ਅਪਰੈਲ ਤੋਂ ਖਰੀਦਣ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੁੱਢਲੇ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਗੋਦਾਮਾਂ ਵਿਚ ਪੁਰਾਣੇ ਅਨਾਜ ਦੇ ਵੇਰਵੇ ਦੇਣ ਲਈ ਆਖਿਆ ਹੈ, ਜਿਸ ਸਬੰਧੀ ਇਕ ਪੱਤਰ ਜਾਰੀ ਕੀਤਾ ਗਿਆ ਹੈ। ਮਾਲਵੇ ਦੇ ਜ਼ਿਲ੍ਹਿਆਂ ਵਿੱਚ ਅਨਾਜ ਦੇ ਵੱਡੇ ਭੰੰਡਾਰਾਂ ਵਿੱਚ ਅਜੇ ਵੀ ਕਣਕ ਰੁਲ਼ ਰਹੀ ਹੈ। ਪੰਜਾਬ ਸਰਕਾਰ ਨੇ ਪੁਰਾਣੇ ਅਨਾਜ ਨਾਲ ਭਰੇ ਇਨ੍ਹਾਂ ਗੋਦਾਮਾਂ ਨੂੰ ਖਾਲੀ ਕਰਵਾਉਣ ਲਈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਅਜਿਹੇ ਵਿਚ ਪੁਰਾਣਾ ਅਨਾਜ ਸਰਕਾਰ ਲਈ ਨਵੀਂ ਸਮੱਸਿਆ ਖੜ੍ਹੀ ਕਰ ਸਕਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ’ਤੇ ਇਨ੍ਹਾਂ ਗੋਦਾਮਾਂ ਨੂੰ ਖਾਲੀ ਕਰਵਾਉਣ ਲਈ ਦਬਾਅ ਪਾਇਆ ਸੀ, ਜੋ ਕੰਮ ਨਹੀਂ ਆਇਆ। ਵੱਖ-ਵੱਖ ਖਰੀਦ ਏਜੰਸੀਆਂ ਅਨੁਸਾਰ ਮਾਲਵੇ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਬਣੇ ਓਪਨ ਗੋਦਾਮਾਂ (ਪਲੰਥ) ਅਤੇ ਕਵਰਡ ਗੋਦਾਮਾਂ ਵਿਚੋਂ ਪੁਰਾਣੀ ਕਣਕ ਨੂੰ ਕੱਢਣ ਲਈ ਅਜੇ ਤੱਕ ਕੋਈ ਵਿਭਾਗੀ ਚਾਰਾਜੋਈ ਨਹੀਂ ਹੋਣ ਲੱਗੀ, ਜਦੋਂ ਕਿ ਇਨ੍ਹਾਂ ਗੁਦਾਮਾਂ ਵਿੱਚ ਪਈ ਕਣਕ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਪਾਸੋਂ ਬਕਾਇਦਾ ਰੂਪ ’ਚ ਮੰਗਵਾਈ ਹੋਈ ਹੈ। ਇੱਕ ਸੂਚਨਾ ਅਨੁਸਾਰ ਇਹ ਪੁਰਾਣੀ ਕਣਕ ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ, ਮੁਕਤਸਰ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚਲੇ ਖੁੱਲ੍ਹੇ ਅਨਾਜ ਭੰਡਾਰਾਂ ਵਿੱਚ ਪਈ ਹੈ। ਸੂਤਰਾਂ ਅਨੁਸਾਰ ਇਸ ਖੇਤਰ ਵਿੱਚ ਮਾਰਕਫੈੱਡ, ਵੇਅਰ ਹਾਊਸ ਅਤੇ ਐੱਫਸੀਆਈ ਤੋਂ ਇਲਾਵਾ ਪਨਗਰੇਨ, ਪਨਸਪ ਅਤੇ ਪੰਜਾਬ ਐਗਰੋ ਵੱਲੋਂ ਖਰੀਦੇ ਅਨਾਜ ਦੇ ਭੰਡਾਰ ਅਜੇ ਵੀ ਕਣਕ ਨਾਲ ਭਰੇ ਪਏ ਹਨ। ਇਹ ਵੀ ਪਤਾ ਲੱਗਾ ਹੈ ਕਿ ਮਾਨਸਾ ਵਿਖੇ ਦੋ-ਦੋ ਸਾਲ ਤੋਂ ਪੁਰਾਣਾ ਮਾਲ ਪਿਆ ਹੈ, ਜਿਸ ਨੂੰ ਚੁੱਕਣ ਲਈ ਏਜੰਸੀਆਂ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਏਜੰਸੀਆਂ ਨਾਲ ਜੁੜੇ ਅਫ਼ਸਰ ਇਸ ਕਣਕ ਨੂੰ ਜੂਨ-ਜੁਲਾਈ ਦੇ ਮਹੀਨੇ, ਜਦੋਂ ਮੀਂਹ ਪੈਣੇ ਸ਼ੁਰੂ ਹੁੰਦੇ ਹਨ, ਉਦੋਂ ਹੀ ਕਢਵਾਉਣ ਦਾ ਉਪਰਾਲਾ ਕਰਦੇ ਹਨ ਕਿਉਂਕਿ ਉਦੋਂ ਕਣਕ ਗਿੱਲੀ ਹੋ ਕੇ ਭਾਰੀ ਹੋ ਜਾਂਦੀ ਹੈ, ਜਿਸ ਨਾਲ ਉਹ ਵਜ਼ਨ ਵਿੱਚ ਵਾਧਾ-ਘਾਟਾ ਕਰਕੇ ਇਸ ਨੂੰ ਧੱਕ ਦਿੰਦੇ ਹਨ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨਾਜ ਭੰਡਾਰਾਂ ਬਾਰੇ ਮੰਗੀ ਗਈ ਰਿਪੋਰਟ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਕਣਕ ਦੀ ਖਰੀਦ ਲਈ ਗੰਭੀਰ ਹੋ ਗਿਆ ਹੈ ਅਤੇ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।