ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸਤਨਾਮ ਸਿੰਘ ਫੂਲ ਅੱਜ ਸਾਥੀਆਂ ਸਮੇਤ ਪਿੰਡ ਪਿਆਰੇਆਣਾ ਨੇੜੇ ਫਲਾਈਓਵਰ ’ਤੇ ਪੁੱਜੇ, ਜਿੱਥੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦਾ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕਣ ਦਾ ਕੋਈ ਇਰਾਦਾ ਨਹੀਂ ਸੀ। ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਕਰਨ ਲਈ ਫ਼ਿਰੋਜ਼ਸ਼ਾਹ ਦੀ ਦਾਣਾ ਮੰਡੀ ਤੋਂ ਤੁਰੇ ਕਿਸਾਨਾਂ ਨੂੰ ਪੁਲੀਸ ਨੇ ਰਾਹ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਫ਼ਲਾ ਨਾਕਾ ਤੋੜ ਕੇ ਅੱਗੇ ਵਧ ਗਿਆ।
ਪਿੰਡ ਪਿਆਰੇਆਣਾ ਦੇ ਸੇਮ ਨਾਲੇ ’ਤੇ ਪੁਲੀਸ ਅਧਿਕਾਰੀਆਂ ਨੇ ਮੁੜ ਕਾਫ਼ਲੇ ਨੂੰ ਰੋਕਿਆ, ਜਿੱਥੇ ਫ਼ਿਰੋਜ਼ਪੁਰ ਦੇ ਐੱਸਐੱਸਪੀ ਨੇ ਦੱਸਿਆ ਕਿ ਇੱਥੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਲੰਘਣ ਵਾਲਾ ਹੈ, ਜਿਸ ’ਤੇ ਕਿਸੇ ਨੂੰ ਯਕੀਨ ਹੀ ਨਹੀਂ ਹੋਇਆ। ਕਿਸਾਨ ਇਹ ਸਮਝਦੇ ਰਹੇ ਕਿ ਪੁਲੀਸ ਵਾਲੇ ਭਾਜਪਾ ਵਰਕਰਾਂ ਦੀਆਂ ਗੱਡੀਆਂ ਨੂੰ ਲੰਘਾਉਣ ਲਈ ਝੂਠ ਬੋਲ ਰਹੇ ਹਨ। ਕਿਸਾਨ ਅਜੇ ਪੁਲ ’ਤੇ ਹੀ ਖੜ੍ਹੇ ਸੀ ਕਿ ਪ੍ਰਧਾਨ ਮੰਤਰੀ ਦਾ ਕਾਫ਼ਲਾ ਉਥੇ ਪਹੁੰਚ ਗਿਆ ਤੇ ਕੁਝ ਚਿਰ ਉਡੀਕਣ ਮਗਰੋਂ ਵਾਪਸ ਚਲਾ ਗਿਆ।
ਹਾਲਾਂਕਿ ਸਤਨਾਮ ਸਿੰਘ ਫੂਲ ਨੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕਣ ’ਤੇ ਕੋਈ ਖੇਦ ਨਹੀਂ ਜਤਾਇਆ। ਦੱਸ ਦਈਏ ਕਿ ਬੀਤੇ ਦਿਨ ਬੀਕੇਯੂ (ਕ੍ਰਾਂਤੀਕਾਰੀ) ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕੇ ਜਾਣ ਦੀ ਜ਼ਿੰਮੇਵਾਰੀ ਚੁੱਕੀ ਸੀ।
ਇਸੇ ਦੌਰਾਨ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕੇ ਜਾਣ ਦੇ ਰੋਸ ਵਜੋਂ ਭਾਜਪਾ ਯੁਵਾ ਮੋਰਚਾ ਨੇ ਅੱਜ ਸ਼ਹਿਰ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮਸ਼ਾਲ ਮਾਰਚ ਕੱਢਿਆ। ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਪ੍ਰਧਾਨ ਮੰਤਰੀ ਨਾਲ ਬਦਸਲੂਕੀ ਕੀਤੀ ਗਈ ਹੈ।