ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਦਸੰਬਰ
ਪੰਜਾਬ ਭਾਜਪਾ ਦੇ ਆਗੂ ਤੇ ਸੂਬਾ ਸਰਕਾਰ ’ਚ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ 9 ਦਸੰਬਰ ਨੂੰ ਵਿਗਿਆਨ ਭਵਨ ਵਿੱਚ ਕੇਂਦਰ ਸਰਕਾਰ ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਰਮਿਆਨ ਹੋਣ ਵਾਲੀ 6ਵੇਂ ਗੇੜ ਦੀ ਗੱਲਬਾਤ ਦੌਰਾਨ ਚੰਗੀ ਖ਼ਬਰ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਜਿਆਣੀ ਨੇ ਪੰਜਾਬ ਨਾਲ ਸਬੰਧਤ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਅੱਜ ਜੰਤਰ-ਮੰਤਰ ਉਪਰ ਦਿੱਤੇ ਧਰਨੇ ਨੂੰ ‘ਫੋਕੀ ਸਿਆਸਤ’ ਕਰਾਰ ਦਿੱਤਾ ਹੈ। ਜਿਆਣੀ, ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਲਈ ਬਣਾਈ ਗਈ ਅੱਠ ਮੈਂਬਰੀ ਕਮੇਟੀ ਦੇ ਇੰਚਾਰਜ ਹਨ। ਜਿਆਣੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਪਰੋ-ਥੱਲੀ ਮੀਟਿੰਗਾਂ ਕਰਕੇ ਕਿਸਾਨ ਆਗੂਆਂ ਨਾਲ ਚਰਚਾ ਦਾ ਦੌਰ ਚਲਾਇਆ ਤੇ ਗੱਲ ਸਮਝੀ ਗਈ। ਉਨ੍ਹਾਂ ਕਿਹਾ, ‘ਭਾਜਪਾ ਵਿੱਚ ਹਰ ਕੋਈ ਕਿਸਾਨਾਂ ਨਾਲ ਹੈ। ਮੋਦੀ ਸਰਕਾਰ ਇਹ ਕਾਨੂੰਨ ਕਿਸਾਨਾਂ ਦੀ ਭਲਾਈ ਤੇ ਚੰਗੇ ਲਈ ਲੈ ਕੇ ਆਈ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਲੋਕ ਇਸ ਨੂੰ ਦੂਜੇ ਰੂਪ ਵਿੱਚ ਲੈ ਲੈਂਦੇ ਹਨ। ਅਸੀਂ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਹੱਲਿਆਂ ਵਿੱਚ ਫਸ ਕੇ ਰਹਿ ਗਏ, ਨਹੀਂ ਤਾਂ ਅਸੀਂ (ਖੇਤੀ ਕਾਨੂੰਨਾਂ ਬਾਰੇ) ਕਿਤੇ ਬਿਹਤਰ ਤਰੀਕੇ ਨਾਲ ਕਿਸਾਨਾਂ ਨੂੰ ਆਪਣੀ ਗੱਲ ਸਮਝਾ ਸਕਦੇ।’ ਸ੍ਰੀ ਜਿਆਣੀ ਤੇ ਭਾਜਪਾ ਦੇ ਕਿਸਾਨ ਚਿਹਰੇ ਵਜੋਂ ਮੀਟਿੰਗਾਂ ਦੌਰਾਨ ਵਿਚਰ ਰਹੇ ਹਰਜੀਤ ਸਿੰਘ ਗਰੇਵਾਲ ਨੇ ਦੋਵਾਂ ਧਿਰਾਂ ਦਰਮਿਆਨ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਸਾਂਭੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਹੈ। ਉਧਰ ਹਰਿਆਣਾ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਕਿਹਾ ਕਿ ਇਸ ਦਾ ਇਕੋ-ਇਕ ਹੱਲ ਸੰਵਾਦ ਹੈ।
ਮੈਂ ਆਪਣੀ ਪਾਰਟੀ ਤੇ ਕਿਸਾਨਾਂ ਨਾਲ ਖੜ੍ਹਾ ਹਾਂ: ਸਨੀ ਦਿਓਲ
ਸ਼ਿਮਲਾ: ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਸਨੀ ਦਿਓਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੇ ਭਲੇ ਲਈ ਸੋਚਦੀ ਹੈ ਤੇ ਉਹ ਆਸ ਕਰਦੇ ਹਨ ਕਿ ਸੰਘਰਸ਼ਸ਼ੀਲ ਕਿਸਾਨਾਂ ਤੇ ਭਾਜਪਾ ਸਰਕਾਰ ਦੀ ਗੱਲਬਾਤ ਦੇ ਉਸਾਰੂ ਸਿੱਟੇ ਨਿਕਲਣਗੇ। ਦਿਓਲ ਨੇ ਐਤਵਾਰ ਸ਼ਾਮ ਆਪਣੇ ਟਵਿੱਟਰ ਹੈਂਡਲ ਤੋਂ ਹਿੰਦੀ ਵਿਚ ਟਵੀਟ ਕੀਤਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਮਸਲਾ ਕਿਸਾਨਾਂ ਤੇ ਸਰਕਾਰ ਵਿਚਾਲੇ ਹੈ, ਪਰ ਕੁਝ ਲੋਕ ਅਜਿਹੇ ਹਨ ਜੋ ਇਸ ਸੰਘਰਸ਼ ਵਿਚੋਂ ਕੋਈ ਲਾਹਾ ਲੈਣ ਦਾ ਯਤਨ ਕਰ ਰਹੇ ਹਨ। ਸਨੀ ਦਿਓਲ ਨੇ ਕਿਹਾ ‘ਮੈਂ ਜਾਣਦਾ ਹਾਂ ਕਿ ਕੁਝ ਲੋਕ ਸਥਿਤੀ ਦਾ ਲਾਹਾ ਲੈਣ ਦਾ ਯਤਨ ਕਰ ਰਹੇ ਹਨ, ਮੁਸ਼ਕਲਾਂ ਪੈਦਾ ਕਰ ਰਹੇ ਹਨ। ਉਹ ਕਿਸਾਨਾਂ ਬਾਰੇ ਨਹੀਂ ਸੋਚ ਰਹੇ। ਉਨ੍ਹਾਂ ਦਾ ਆਪਣਾ ਕੋਈ ਏਜੰਡਾ ਹੈ।’ ਸਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਆਪਣੀ ਪਾਰਟੀ ਤੇ ਕਿਸਾਨਾਂ ਨਾਲ ਹਮੇਸ਼ਾ ਖੜ੍ਹੇ ਹਨ। 64 ਸਾਲਾ ਅਦਾਕਾਰ ਨੇ ਪੰਜਾਬੀ ਅਦਾਕਾਰ-ਕਾਰਕੁਨ ਦੀਪ ਸਿੱਧੂ ਦੇ ਕਿਸਾਨ ਅੰਦੋਲਨ ਬਾਰੇ ਰੁਖ਼ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਉਸ ਦੀਆਂ ਟਿੱਪਣੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦਿਓਲ ਨੇ ਕਿਹਾ ‘ਦੀਪ ਸਿੱਧੂ ਚੋਣਾਂ ਦੌਰਾਨ ਜ਼ਰੂਰ ਮੇਰੇ ਨਾਲ ਰਿਹਾ ਹੈ, ਪਰ ਉਸ ਤੋਂ ਬਾਅਦ ਮੇਰੀ ਲੰਮੇ ਸਮੇਂ ਤੋਂ ਉਸ ਨਾਲ ਗੱਲਬਾਤ ਨਹੀਂ ਹੋਈ। ਜੋ ਵੀ ਹੁਣ ਉਹ ਬੋਲ ਰਿਹਾ ਹੈ, ਉਹ ਆਪਣੇ ਆਪ ਬੋਲ ਰਿਹਾ ਹੈ। ਮੈਂ ਕਿਸੇ ਵੀ ਢੰਗ ਨਾਲ ਉਸ ਦੀਆਂ ਟਿੱਪਣੀਆਂ ਨਾਲ ਜੁੜਿਆ ਹੋਇਆ ਨਹੀਂ ਹਾਂ।’ ਪਿਛਲੇ ਹਫ਼ਤੇ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਸਨੀ ਦਿਓਲ ਇਸ ਵੇਲੇ ਮਨਾਲੀ ਨੇੜੇ ਇਕ ਫਾਰਮਹਾਊਸ ਵਿਚ ਇਕਾਂਤਵਾਸ ਹਨ। ਮੁੰਬਈ ਵਿਚ ਉਨ੍ਹਾਂ ਦੇ ਮੋਢੇ ਦੀ ਸਰਜਰੀ ਵੀ ਹੋਈ ਸੀ। -ਪੀਟੀਆਈ
ਖੇਤੀ ਸੁਧਾਰਾਂ ਖ਼ਿਲਾਫ਼ ਸਟੈਂਡ ਨਾਲ ਵਿਰੋਧੀ ਪਾਰਟੀਆਂ ਦੇ ‘ਸ਼ਰਮਨਾਕ ਦੋਹਰੇ ਮਾਪਦੰਡ’ ਬੇਨਕਾਬ ਹੋਏ: ਭਾਜਪਾ
ਨਵੀਂ ਦਿੱਲੀ/ਲਖਨਊ/ਪਟਨਾ: ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇੇ ਖੇਤੀ ਸੁਧਾਰਾਂ ਖ਼ਿਲਾਫ਼ ਨਿੱਤਰੀਆਂ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ‘ਸ਼ਰਮਨਾਕ ਦੋਗਲੇ ਮਾਪਦੰਡ’ ਜੱਗ ਜ਼ਾਹਿਰ ਹੋ ਗਏ ਹਨ। ਪ੍ਰਸਾਦ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਪਹਿਲਾਂ ਨਵੇਂ ਖੇਤੀ ਕਾਨੂੰਨਾਂ ਵਿਚਲੀਆਂ ਕਈ ਵਿਵਸਥਾਵਾਂ ਦੀ ਹਮਾਇਤ ਕੀਤੀ ਸੀ ਜਦੋਂਕਿ ਹੁਣ ਉਨ੍ਹਾਂ ਵੱਲੋਂ ਹੀ ਇਸ ਦਾ ਵਿਰੋਧ ਕੀਤਾ ਜਾ ਰਿਹੈ। ਕੇਂਦਰੀ ਕਾਨੂੰਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਇਕ ਵਰਗ ਕਥਿਤ ਅਜਿਹੇ ਕੁਝ ਲੋਕਾਂ ਦੇ ਚੁੰਗਲ ’ਚ ਫਸ ਗਿਆ ਹੈ, ਜਿਨ੍ਹਾਂ ਦੇ ਆਪਣੇ ‘ਨਿੱਜੀ ਹਿੱਤ’ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਖੇਤੀ ਸੁਧਾਰਾਂ ਬਾਰੇ ਤੌਖਲਿਆਂ/ਇਤਰਾਜ਼ਾਂ ਨੂੰ ਦੂਰ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਪ੍ਰਸਾਦ ਨੇ ਕਿਸਾਨ ਯੂਨੀਅਨਾਂ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਨੂੰ ਅੰਦੋਲਨ ਵਿੱਚ ਸ਼ਾਮਲ ਨਾ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਦੀਆਂ ਰਵਾਇਤੀ ਵਿਰੋਧੀ ਪਾਰਟੀਆਂ, ਜਿਨ੍ਹਾਂ ਨੂੰ ਲੋਕ ਚੋਣ ਦਰ ਚੋਣ ਲਗਾਤਾਰ ਰੱਦ ਕਰਦੇ ਆ ਰਹੇ ਹਨ, ਮਹਿਜ਼ ਆਪਣੀ ਹੋਂਦ ਨੂੰ ਬਚਾਉਣ ਦੇ ਇਰਾਦੇ ਨਾਲ ਕਿਸਾਨੀ ਸੰਘਰਸ਼ ’ਚ ਕੁੱਦ ਰਹੀਆਂ ਹਨ। ਉਨ੍ਹਾਂ ਕਾਂਗਰਸ ਪਾਰਟੀ ਵੱਲੋਂ 2019 ਦੀਆਂ ਆਮ ਚੋਣਾਂ ਦੌਰਾਨ ਜਾਰੀ ਮੈਨੀਫੈਸਟੋ ਵੀ ਪੜ੍ਹ ਕੇ ਸੁਣਾਇਆ, ਜਿਸ ਵਿੱਚ ਏਪੀਐੱਮਸੀ ਐਕਟ ਨੂੰ ਰੱਦ ਕਰਨ ਦਾ ਵਾਅਦ ਕੀਤਾ ਗਿਆ ਸੀ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨ ਵਿਰੋਧੀ ਨਹੀਂ ਹਨ ਬਲਕਿ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਯਤਨਾਂ ਨੂੰ ਦਰਸਾਉਂਦੇ ਹਨ। ਉਧਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਖੇਤੀ ਬਿਲਾਂ ਦਾ ‘ਸਿਆਸੀਕਰਨ’ ਕੀਤਾ ਜਾ ਰਿਹੈ।
-ਪੀਟੀਆਈ/ਆਈਏਐੱਨਐੱਸ