ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 31 ਜੁਲਾਈ
ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕੀਤੇ ਜਾ ਰਹੇ ਦੌਰਿਆਂ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਤਹਿਤ ਅੱਜ ਪਿੰਡ ਰਾਮਪੁਰ ਜੱਜਰ ਵਿੱਚ ਕਿਸਾਨਾਂ ਨੇ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਦਿਆਂ ਜਬਰਦਸਤ ਵਿਰੋਧ ਕੀਤਾ। ਜ਼ਿਲ੍ਹਾ ਰੂਪਨਗਰ ਦੇ ਐੱਸਪੀ ਦੀ ਅਗਵਾਈ ਹੇਠ ਪਹੁੰਚੀ ਭਾਰੀ ਪੁਲੀਸ ਫੋਰਸ ਨੇ ਜਿੱਥੇ ਮਦਨ ਮੋਹਨ ਮਿੱਤਲ ਅਤੇ ਉਨ੍ਹਾਂ ਦੇ ਫਰਜ਼ੰਦ ਐਡਵੋਕੇਟ ਅਰਵਿੰਦ ਮਿੱਤਲ ਸਣੇ ਭਾਜਪਾ ਵਰਕਰਾਂ ਨੂੰ ਸਖਤ ਸੁਰੱਖਿਆ ਘੇਰੇ ’ਚ ਬਾਹਰ ਕੱਢਿਆ, ਉੱਥੇ ਹੀ ਇਸ ਦੌਰਾਨ ਮਿੱਤਲ ਦੇ ਕਾਫ਼ਲੇ ਵਾਲੀ ਗੱਡੀ ਹੇਠ ਇੱਕ ਕਿਸਾਨ ਦਾ ਪੈਰ ਵੀ ਆ ਗਿਆ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਮਿੱਤਲ ਦੇ ਪਿੰਡਾਂ ਦੇ ਦੌਰਿਆਂ ਦਾ ਵਿਰੋਧ ਕਰਨ ਲਈ ਪੂਰੀ ਨਾਕਾਬੰਦੀ ਕੀਤੀ ਹੋਈ ਸੀ ਅਤੇ ਦੁਪਹਿਰ ਤੋਂ ਹੀ ਦੋਵੇਂ ਧਿਰਾਂ ਦਰਮਿਆਨ ਲੁਕਣਮੀਡੀ ਦੀ ਖੇਡ ਚੱਲ ਰਹੀ ਸੀ। ਸ਼ਾਮ ਹੁੰਦਿਆਂ ਤੱਕ ਜਦੋਂ ਮਿੱਤਲ ਸਰਹੱਦੀ ਪਿੰਡ ਰਾਮਪੁਰ ਜੱਜਰ ਵਿੱਚ ਭਾਜਪਾ ਸਮਰਥਕ ਦੇ ਘਰ ਪਹੁੰਚੇ ਤਾਂ ਕਿਸਾਨਾਂ ਨੇ ਘਰ ਅੱਗੇ ਧਰਨਾ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਆਗੂਆ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਹਾਲਾਤ ਬੇਕਾਬੂ ਹੁੰਦੇ ਦੇਖ ਪੁਲੀਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਘੇਰਾ ਪਾ ਕੇ ਮਿੱਤਲ ਤੇ ਉਨ੍ਹਾਂ ਦੇ ਫਰਜ਼ੰਦ ਨੂੰ ਗੱਡੀਆਂ ਵਿੱਚ ਬਿਠਾ ਕੇ ਉੱਥੋਂ ਕੱਢਣਾ ਚਾਹਿਆ ਤਾਂ ਕਿਸਾਨ ਗੱਡੀਆਂ ਅੱਗੇ ਲੰਮੇ ਪੈ ਗਏ।
ਇਸੇ ਦੌਰਾਨ ਮਿੱਤਲ ਦੇ ਕਾਫ਼ਲੇ ਦੀ ਗੱਡੀ ਹੇਠ ਇੱਕ ਕਿਸਾਨ ਦਾ ਪੈਰ ਵੀ ਆ ਗਿਆ। ਕਿਸਾਨਾਂ ਦਾ ਪ੍ਰਦਰਸ਼ਨ ਭਖ਼ਣ ’ਤੇ ਪੰਜਾਬ ਪੁਲੀਸ ਨੂੰ ਸਖਤੀ ਕਰਨੀ ਪਈ ਅਤੇ ਪੁਲੀਸ ਨੇ ਕਿਸਾਨਾਂ ਨੂੰ ਧੂਹ ਕੇ ਖੇਤਾਂ ਵੱਲ ਸੁੱਟਿਆ।
ਪ੍ਰਦਰਸ਼ਨਕਾਰੀ ਕਿਸਾਨ ਨਹੀਂ: ਮਿੱਤਲ
ਕਿਸਾਨਾਂ ਦੇ ਵਿਰੋਧ ਬਾਰੇ ਗੱਲ ਕਰਦਿਆਂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਇਹ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਹਨ, ਬਲਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਭੇਜੇ ਕਾਰਕੁਨਾਂ ਸਣੇ ਹਿਮਾਚਲ ਪ੍ਰਦੇਸ਼ ਤੋਂ ਸ਼ਰਾਬ ਲਿਆ ਕੇ ਵੇਚਣ ਵਾਲਾ ਅਤੇ ਗ਼ੈਰਕਾਨੂੰਨੀ ਖਣਨ ਨਾਲ ਜੁੜੇ ਮਾਫ਼ੀਆ ਦੇ ਲੋਕ ਹਨ। ਉਨ੍ਹਾਂ ‘ਭਾਰਤ ਮਾਤਾ ਦੀ ਜੈ’, ‘ਵੰਦੇ ਮਾਤਰਮ’ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾਉਂਦਿਆਂ ਕਿਹਾ ਕਿ ਇਹ ਦੋ ਨੰਬਰ ਦੇ ਬੰਦੇ ਕਾਂਗਰਸੀਆਂ ਵੱਲੋਂ ਪੈਸੇ ਦੇ ਕੇ ਭੇਜੇ ਗਏ ਹਨ।
ਕਿਸਾਨਾਂ ’ਤੇ ਪੁਲੀਸ ਬਲ ਦਾ ਪ੍ਰਯੋਗ ਨਹੀਂ ਕੀਤਾ: ਐੱਸਪੀ
ਜ਼ਿਲ੍ਹਾ ਪੁਲੀਸ ਦੇ ਐੱਸਪੀ ਅਜਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਸਥਿਤੀ ਦੇ ਮੱਦੇਨਜ਼ਰ ਅਮਨ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ੍ਰੀ ਆਨੰਦਪੁਰ ਸਾਹਿਬ, ਨੰਗਲ, ਨੂਰਪੁਰ ਬੇਦੀ, ਕੀਰਤਪੁਰ ਸਾਹਿਬ ਰੂਪਨਗਰ ਤੋਂ ਪੁਲੀਸ ਫੋਰਸ ਮੰਗਵਾਈ। ਜਦੋਂ ਕਿਸਾਨ ਗੱਡੀਆਂ ਦੇ ਅੱਗੇ ਆ ਕੇ ਬੈਠ ਗਏ ਤਾਂ ਉਨ੍ਹਾਂ ਨੂੰ ਹਟਾ ਕੇ ਪੁਲੀਸ ਵੱਲੋਂ ਪਾਸੇ ਜ਼ਰੂਰ ਕੀਤਾ ਗਿਆ ਹੈ ਪਰ ਕਿਸੇ ਤਰ੍ਹਾਂ ਦੇ ਬਲ ਦਾ ਪ੍ਰਯੋਗ ਨਹੀਂ ਕੀਤਾ ਗਿਆ।