ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਰਾਜਪੁਰਾ ਨੇੜਲੇ ਪਿੰਡ ਨਲਾਸ ਸਥਿਤ ‘ਨਾਭਾ ਪਾਵਰ ਪਲਾਂਟ’ ਦਾ ਅੱਜ ਦੁਪਹਿਰੇ ਕੀਤਾ ਗਿਆ ਘਿਰਾਓ ਰਾਤ ਸਾਢੇ ਨੌਂ ਵਜੇ ਤੱਕ ਵੀ ਜਾਰੀ ਸੀ। ਪਲਾਂਟ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਦੇ ਸੱਤ ਸੌ ਦੇ ਕਰੀਬ ਮੁਲਾਜ਼ਮਾਂ ਨੂੰ ਰਾਤ ਤੱਕ ਵੀ ਕਥਿਤ ਤੌਰ ’ਤੇ ਬੰਦੀ ਬਣਾਇਆ ਹੋਇਆ ਸੀ। ਇੱਕ ਅਧਿਕਾਰੀ ਨੇ ਅੰਦਰੋਂ ਫੋਨ ’ਤੇ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਰਾਤ ਨੌਂ ਵਜੇ ਸਿਰਫ਼ ਡੇਢ ਸੌ ਮਹਿਲਾ ਮੁਲਾਜ਼ਮਾਂ ਨੂੰ ਹੀ ਬਾਹਰ ਜਾਣ ਦਿੱਤਾ ਗਿਆ। ਸਾਢੇ ਨੌਂ ਵਜੇ ਤੱਕ ਬਾਕੀ ਸਾਢੇ ਪੰਜ ਸੌ ਦੇ ਕਰੀਬ ਮੁਲਾਜ਼ਮ ਪਲਾਂਟ ਦੇ ਅੰਦਰ ਹੀ ਸਨ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਉਹ ਪਲਾਂਟ ’ਚ ਮੌਜੂਦ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਬਾਹਰ ਆਉਣ ਤੋਂ ਨਹੀਂ ਰੋਕ ਰਹੇ ਪਰ ਬਾਹਰੋਂ ਕਿਸੇ ਹੋਰ ਮੁਲਾਜ਼ਮ ਨੂੰ ਉਹ ਅੰਦਰ ਨਹੀਂ ਜਾਣ ਦੇਣਗੇ। ਘਨੌਰ ਦੇ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਸਮੇਤ ਸਿਵਲ ਦੇ ਕੁਝ ਅਧਿਕਾਰੀ ਅੱਜ ਸਾਰਾ ਦਿਨ ਮਾਮਲਾ ਸੁਲਝਾਉਣ ’ਚ ਲੱਗੇ ਰਹੇ ਪਰ ਗੱਲ ਕਿਸੇ ਤਣ ਪੱਤਣ ਨਾ ਲੱਗੀ।
ਕਿਸਾਨ ਕੁਝ ਸਾਲ ਪਹਿਲਾਂ ਨੌਕਰੀ ਤੋਂ ਹਟਾਏ ਗਏ 12 ਮੁਲਾਜ਼ਮਾਂ ਦੀਆਂ ਸੇਵਾਵਾਂ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪਲਾਂਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਲਾਜ਼ਮ ਇੱਕ ਠੇਕੇਦਾਰ ਕੋਲ ਕੰਮ ਕਰਦੇ ਸਨ, ਜਿਸ ਦਾ ਪ੍ਰਾਜੈਕਟ ਪੂਰਾ ਹੋਣ ’ਤੇ ਉਹ ਕੰਮ ਛੱਡ ਕੇ ਚਲਾ ਗਿਆ। ਉਸ ਦੇ ਜਾਣ ਨਾਲ ਇਨ੍ਹਾਂ ਦੀਆਂ ਸੇਵਾਵਾਂ ਵੀ ਖ਼ਤਮ ਹੋ ਗਈਆਂ।
ਸਾਰੇ ਗੇਟ ਤੇ ਕੋਲਾ ਸਪਲਾਈ ਵਾਲੀ ਰੇਲਵੇ ਲਾਈਨ ਵੀ ਬੰਦ ਕਰਨ ਦੀ ਚਿਤਾਵਨੀ
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਰਾਤ ਸਾਢੇ ਨੌਂ ਵਜੇ ਐਲਾਨ ਕੀਤਾ ਕਿ ਜੇ ਭਲਕੇ 25 ਜਨਵਰੀ ਦੀ ਸਵੇਰ ਨੂੰ ਸਾਰੇ 12 ਮੁਲਾਜ਼ਮਾਂ ਨੂੰ ਡਿਊਟੀਆਂ ’ਤੇ ਨਾ ਬੁਲਾਇਆ ਗਿਆ ਤਾਂ ਉਹ ਇਸ ਪਲਾਂਟ ਦੇ ਸਾਰੇ ਗੇਟ ਬੰਦ ਕਰ ਦੇਣਗੇ। ਕਿਸੇ ਨੂੰ ਅੰਦਰੋਂ-ਬਾਹਰ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਅੰਦਰ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਲਕ ਤੋਂ ਪਲਾਂਟ ’ਚ ਕੋਲਾ ਸਪਲਾਈ ਵਾਲੀ ਰੇਲਵੇ ਲਾਈਨ ਵੀ ਬੰਦ ਕਰ ਦਿੱਤੀ ਜਾਵੇਗੀ।