ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 26 ਮਈ
ਲੰਬੇ ਸਮੇਂ ਤੋਂ ਚਰਚਾ ’ਚ ਚੱਲ ਰਹੇ ਮੁਕਤਸਰ-ਕੋਟਕਪੂਰਾ ਸੜਕ ਉੱਪਰ ਪਿੰਡ ਵੜਿੰਗ ਨੇੜੇ ਬਣੇ ਟੌਲ ਪਲਾਜ਼ਾ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਧਰਨਾ ਲਾ ਕੇ ਪਰਚੀ ਮੁਕਤ ਕਰਵਾ ਦਿੱਤਾ ਹੈ। ਦੱਸਣਯੋਗ ਹੈ ਕਿ ਟੌਲ-ਪਲਾਜ਼ਾ ਸਥਾਪਤ ਕਰਨ ਵੇਲੇ ਸਰਹਿੰਦ ਫੀਡਰ ਤੇ ਰਾਜਸਥਾਨ ਨਹਿਰਾਂ ਦੇ ਪੁਲ ਚੌੜੇ ਕਰਨ, ਪਿੰਡਾਂ ਲਾਗੇ ਬਾਰਸ਼ਾਂ ਦੇ ਪਾਣੀ ਦੀ ਨਿਕਾਸੀ ਵਾਸਤੇ ਖਾਲੇ ਬਣਾਉਣ, ਬੱਸ ਅੱਡੇ ਬਣਾਉਣ, ਸੜਕ ਚੌੜੀ ਕਰਨ ਸਣੇ ਹੋਰ ਕਈ ਪ੍ਰਬੰਧ ਕਰਨ ਦਾ ਜ਼ਿੰਮਾ ਟੌਲ ਪਲਾਜ਼ਾ ਕੰਪਨੀ ਨੇ ਲਿਆ ਸੀ ਪਰ ਬਾਅਦ ’ਚ ਕੰਪਨੀ ਇਸ ਜ਼ਿੰਮੇਵਾਰੀ ਤੋਂ ਟਾਲਾ ਵੱਟ ਗਈ। ਇਨ੍ਹਾਂ ਪੁਲਾਂ ਤੋਂ ਦੋ ਕਿਲੋਮੀਟਰ ਦੂਰ ਪਿੰਡ ਚੱਕ ਗਾਂਧਾ ਸਿੰਘ ਲਾਗੇ ਬੀਤੇ ਦਿਨੀਂ ਹੀ ਰਾਜਸਥਾਨ ਕੈਨਾਲ ਦਾ ਅੱਧਾ ਪੁਲ ਟੁੱਟ ਕੇ ਡਿੱਗ ਪਿਆ ਸੀ। ਲੋਕਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਇਨ੍ਹਾਂ ਨਹਿਰਾਂ ਦੇ ਪੁਲਾਂ ਦੀ ਉਮਰ ਪੁੱਗ ਚੁੱਕੀ ਹੈ ਤੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਕਈ ਵਾਰ ਧਰਨੇ ਮੁਜ਼ਾਹਰੇ ਹੋਏ ਪਰ ਫਿਰ ਵੀ ਟੌਲ ਪਲਾਜ਼ਾ ਚੱਲਦਾ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਟੌਲ ਉਪਰ ਨਾ ਤਾਂ ਫਾਸਟੈਗ ਦੀ ਸਹੂਲਤ ਹੈ ਤੇ ਨਾ ਹੀ ਕਾਰਡ ਕੈਸ਼ ਕਰਨ ਦੀ। ਸਿਰਫ ਨਕਦ ਪੈਸੇ ਹੀ ਲਏ ਜਾਂਦੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਕੰਪਨੀ ਦੇ ਸਿਸਟਮ ਵਿੱਚ ਖਾਮੀ ਹੈ। ਲੋਕਾਂ ਨੂੰ ਬਣਦੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇਸ ਕਾਰਨ ਉਨ੍ਹਾਂ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਕਰ ਦਿੱਤਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਟੌਲ ਪਲਾਜ਼ਾ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਹਿਰਾਂ ’ਤੇ ਨਵਾਂ ਪੁਲ ਬਣਾਉਣ ਸਣੇ ਹੋਰ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਨਾਇਬ ਤਹਿਸੀਲਦਾਰ ਬਰੀਵਾਲਾ ਅਤੇ ਥਾਣਾ ਬਰੀਵਾਲਾ ਦੇ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਸਲੇ ਦਾ ਹੱਲ ਕਰਨ ਦਾ ਯਤਨ ਕਰ ਰਹੇ ਹਨ ਅਤੇ ਆਵਾਜਾਈ ਚਾਲੂ ਹੈ।
ਇਸ ਦੌਰਾਨ ਪੀਡਬਲਯੂਡੀ ਦੇ ਐੱਸਡੀਓ ਹਰਪ੍ਰੀਤ ਸਾਗਰ ਅਤੇ ਜੇਈ ਸੌਰਵ ਅਗਰਵਾਲ ਟੌਲ ਪਲਾਜ਼ਾ ਦੇ ਦਫਤਰ ਵਿੱਚ ਬੈਠੇ ਰਹੇ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।