ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜਨਵਰੀ
ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਨੂੰ ਅੱਜ ਉਦੋਂ ਹੋਰ ਬਲ ਮਿਲਿਆ ਜਦੋਂ ਤਾਮਿਲਨਾਡੂ ਤੋਂ ਆਏ ਕਿਸਾਨਾਂ ਨੇ ਇੱਥੇ ਲੱਗੇ ਮੋਰਚੇ ਵਿੱਚ ਸ਼ਿਰਕਤ ਕੀਤੀ। ਦੱਖਣੀ ਰਾਜ ਤੋਂ ਪਹੁੰਚੇ ਇਨ੍ਹਾਂ ਕਿਸਾਨਾਂ ਨੂੰ ਮੰਚ ’ਤੇ ਸਨਮਾਨਿਤ ਕੀਤਾ ਗਿਆ ਅਤੇ ਜੀ ਆਇਆਂ ਕਿਹਾ ਗਿਆ।
ਭਾਸ਼ਾਈ ਔਕੜਾਂ ਦੇ ਬਾਵਜੂਦ ਤਾਮਿਲਨਾਡੂ ਦੇ ਕਿਸਾਨਾਂ ਨੇ ਉੱਤਰੀ ਭਾਰਤ ਦੇ ਰਾਜਾਂ ਦੇ ਕਿਸਾਨਾਂ ਕੋਲ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਔਖਾ ਸਫ਼ਰ ਕਰ ਕੇ ਦਿੱਲੀ ਪਹੁੰਚੇ ਇਸ ਜਥੇ ਨਾਲ ਆਈਆਂ ਔਰਤਾਂ ਵੱਲੋਂ ਅੱਜ ਆਪਣੀ ਮਾਂ-ਬੋਲੀ ਵਿੱਚ ਕਿਸਾਨਾਂ ਪੱਖੀ ਗੀਤ ਵੀ ਗਾਏ ਗਏ।
ਇਸੇ ਦੌਰਾਨ ਮਹਾਰਾਸ਼ਟਰ ਤੋਂ ਲੋਕ ਸੰਘਰਸ਼ ਮੋਰਚੇ ਦੀਆਂ ਸੈਂਕੜੇ ਔਰਤਾਂ ਦਾ ਪਹਿਲਾ ਜਥਾ ਦਿੱਲੀ ਪਹੁੰਚਿਆ। ਅਜਿਹੇ ਹੋਰ ਜਥੇ ਵੀ ਅਗਲੇ ਦਿਨਾਂ ਵਿੱਚ ਦਿੱਲੀ ਪਹੁੰਚ ਜਾਣਗੇ। ਇਹ ਔਰਤਾਂ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਰਾਹੀਂ ਆਈਆਂ ਤੇ ਕਿਸਾਨ ਮੋਰਚਿਆਂ ਦਾ ਹਿੱਸਾ ਬਣੀਆਂ। ਉੜੀਸਾ ਤੋਂ ਦਿੱਲੀ ਲਈ ਚਲੇ ਕਿਸਾਨਾਂ ਦਾ ਜਮਸ਼ੈਦਪਰ ਪਹੁੰਚਣ ’ਤੇ ਸਵਾਗਤ ਕੀਤਾ ਗਿਆ।