ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਅਪਰੈਲ
ਸਾਉਣੀ ਦੀ ਬਿਜਾਈ ਸਿਰ ’ਤੇ ਹੈ ਪਰ ਸਹਿਕਾਰੀ ਸਭਾਵਾਂ ਕੋਲ ਡੀਏਪੀ ਤੇ ਯੂਰੀਆ ਖਾਦ ਨਹੀਂ ਹੈ। ਕਿਸਾਨਾਂ ਵੱਲੋਂ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਕਥਿਤ ਤੌਰ ਉੱਤੇ ਖਾਦ ਸੰਕਟ ਤੋਂ ਜਾਣੂੰ ਕਰਵਾਇਆ ਗਿਆ ਹੈ।
ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾਈ ਆਗੂ ਬਲੌਰ ਸਿੰਘ ਘਾਲੀ, ਨਛੱਤਰ ਸਿੰਘ ਹੇਰ, ਅਜੈਬ ਸਿੰਘ, ਸੰਗਜੀਤ ਸਿੰਘ ਝੰਡੇਵਾਲਾ, ਬੇਅੰਤ ਸਿੰਘ ਬੁੱਟਰ ਨੇ ਸੂਬੇ ਵਿੱਚ ਡੀਏਪੀ ਅਤੇ ਯੂਰੀਆ ਖਾਦ ਦੇ ਸੰਕਟ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਡਿਪਟੀ ਕਮਿਸ਼ਨਰ, ਸਹਿਕਾਰੀ ਵਿਭਾਗ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ। ਆਗੂਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਗੁਦਾਮਾਂ ਵਿੱਚ ਖਾਦ ਨਹੀਂ ਹੈ। ਕਿਸਾਨ ਖੱਜਲ ਹੋ ਰਹੇ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਨਿੱਜੀ ਡੀਲਰ ਖਾਦਾਂ ਭੰਡਾਰ ਕਰ ਰਹੇ ਹਨ ਜਦੋਂਕਿ ਸਹਿਕਾਰੀ ਸਭਾਵਾਂ ਦੇ ਗੁਦਾਮ ਖਾਲੀ ਹਨ। ਇਸ ਦੇ ਬਾਵਜੂਦ ਖੇਤੀਬਾੜੀ ਸਣੇ ਸਾਰੇ ਵਿਭਾਗ ਮੂਕ ਦਰਸ਼ਕ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਡੀਏਪੀ ਅਤੇ ਯੂਰੀਆ ਤੁਰੰਤ ਮੁਹੱਈਆ ਕਰਵਾਇਆ ਜਾਵੇ ਕਿਉਂਕਿ ਸਬਜ਼ੀਆਂ ਅਤੇ ਹਰੇ-ਚਾਰੇ ਲਈ ਯੂਰੀਆ ਦੀ ਫੌਰੀ ਲੋੜ ਹੈ।
ਕਿਸਾਨਾਂ ਨੇ ਦੋਸ਼ ਲਾਇਆ ਕਿ ਨਿੱਜੀ ਖਾਦ ਡੀਲਰ ਕਿਸਾਨਾਂ ਨੂੰ ਖਾਦ ਦੇ ਨਾਲ-ਨਾਲ ਹੋਰ ਵਾਧੂ ਸਾਮਾਨ ਖ਼ਰੀਦਣ ਲਈ ਮਜਬੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਖੇਤੀਬਾੜੀ ਅਧਿਕਾਰੀ ਵੀ ਇਸ ਸਬੰਧੀ ਜਾਂਚ ਕਰਨ ਤਕ ਨਹੀਂ ਜਾਂਦਾ। ਇਸ ਕਾਰਨ ਮਜਬੂਰੀ ਵਿਚ ਕਿਸਾਨਾਂ ਨੂੰ ਇਨ੍ਹਾਂ ਡੀਲਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਖਾਦ ਦੀ ਘਾਟ ਨਹੀਂ ਆਉਣ ਦਿਆਂਗੇ: ਡਾ. ਪ੍ਰਿਤਪਾਲ ਸਿੰਘ
ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਜੂਨ ਮਹੀਨੇ ਖਾਦ ਦੀ ਜ਼ਰੂਰਤ ਹੈ ਅਤੇ ਖਾਦ ਦੀ ਸਪਲਾਈ ਆ ਰਹੀ ਹੈ। ਕਿਸਾਨਾਂ ਨੂੰ ਖਾਦ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਖਾਦ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਵੰਡੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਖਾਦ ਦੀ ਕੋਈ ਘਾਟ ਨਹੀਂ ਰਹੇਗੀ।