ਜਸਬੀਰ ਸਿੰਘ ਚਾਨਾ
ਫਗਵਾੜਾ, 24 ਅਗਸਤ
ਸਰਕਾਰ ਵੱਲੋਂ ਗੰਨੇ ਦੀਆਂ ਕੀਮਤਾਂ ਵਧਾਉਣ ਕਾਰਨ ਕਿਸਾਨਾਂ ਨੇ ਫਗਵਾੜਾ-ਜਲੰਧਰ ਸੜਕ ’ਤੇ ਧੰਨੋਵਾਲੀ ਫ਼ਾਟਕ ਲਾਗੇ ਧਰਨੇ ਨੂੰ ਸਮਾਪਤ ਕਰ ਦਿੱਤਾ ਹੈ। ਇਸ ਮਗਰੋਂ ਆਵਾਜਾਈ ਬਹਾਲ ਹੋਣ ’ਤੇ ਰਾਹਗੀਰ ਬਾਗ਼ੋਬਾਗ ਹੋ ਗਏ ਤੇ ਪੁਲੀਸ ਨੇ ਸੁੱਖ ਦਾ ਸਾਹ ਲਿਆ ਹੈ। ਧਰਨੇ ਦੌਰਾਨ ਲੋਕਾਂ ਨੂੰ ਆਵਾਜਾਈ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਵਾਹਨਾਂ ਨੂੰ ਕਾਫ਼ੀ ਲੰਬੇ ਰਸਤੇ ਤੋਂ ਘੁੰਮ ਕੇ ਜਾਣਾ ਪੈ ਰਿਹਾ ਸੀ। ਪੁਲੀਸ ਕਰਮਚਾਰੀਆਂ ਦੀਆਂ ਡਿਊਟੀਆਂ ਜੋ ਦਿਨ-ਰਾਤ ਲੱਗੀਆਂ ਹੋਈਆਂ ਸਨ, ਉਹ ਅੱਜ ਖ਼ਤਮ ਹੋਣ ਮਗਰੋਂ ਪੁਲੀਸ ਨੇ ਵੀ ਸੁੱਖ ਦਾ ਸਾਹ ਲਿਆ। ਲੋਕਾਂ ਨੇ ਕਿਹਾ ਕਿ ਸਰਕਾਰ ਨੇ ਚੰਗਾ ਫ਼ੈਸਲਾ ਲਿਆ ਹੈ ਕਿਸਾਨਾਂ ਦੇ ਹਿੱਤ ਦੀ ਵੀ ਗੱਲ ਹੋ ਗਈ ਹੈ ਕਿਉਂਕਿ ਉਨ੍ਹਾਂ ਨੂੰ ਗੰਨੇ ’ਚ ਕਾਫ਼ੀ ਘਾਟਾ ਪੈ ਰਿਹਾ ਸੀ।
ਗੰਨੇ ਦੀਆਂ ਕੀਮਤਾਂ ’ਚ ਵਾਧੇ ਦਾ ਸੁਆਗਤ: ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਪੰਜਾਬ ਸਰਕਾਰ ਵੱਲੋਂ ਗੰਨੇ ਦੀਆਂ ਕੀਮਤਾਂ ’ਚ ਵਾਧਾ ਕੀਤੇ ਜਾਣ ਦੇ ਫ਼ੈਸਲੇ ਦਾ ਪ੍ਰਧਾਨ ਮਨਜੀਤ ਸਿੰਘ ਰਾਏ, ਕੁਲਦੀਪ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਮੁਸਾਪੂਰ, ਕ੍ਰਿਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਸਿੰਘ ਕਾਲਾ ਆਠੋਲੀ ਤੇ ਸ਼ਰਨਜੀਤ ਸਿੰਘ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੀਮਤ ਨਾ ਵੱਧਣ ਕਾਰਨ ਕਿਸਾਨ ਘਾਟੇ ’ਚ ਜਾ ਰਹੇ ਸਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਹੁਣ ਕਿਸਾਨ ਦਿੱਲੀ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।