ਜਗਜੀਤ ਸਿੰਘ
ਮੁਕੇਰੀਆਂ, 13 ਮਈ
ਕਿਸਾਨਾਂ ਨੂੰ 72 ਘੰਟਿਆਂ ਵਿੱਚ ਕਣਕ ਦੀ ਅਦਾਇਗੀ ਦੇ ਸਰਕਾਰੀ ਦਾਅਵਿਆਂ ਦੇ ਉਲਟ ਵੇਅਰਹਾਊਸ ਅਧੀਨ ਆਉਂਦੀਆਂ ਭੰਗਾਲਾ, ਮਾਨਸਰ, ਬੁੱਢਾਬੜ, ਦਾਤਾਰਪੁਰ ਤੇ ਹਾਜੀਪੁਰ ਮੰਡੀ ਵਿੱਚ ਕਰੀਬ 2 ਹਫ਼ਤਿਆਂ ਤੋਂ ਅਦਾਇਗੀ ਨਹੀਂ ਹੋ ਰਹੀ। ਪਨਸਪ ਅਤੇ ਐੱਫਸੀਆਈ ਸਮੇਤ ਹੋਰ ਖਰੀਦ ਏਜੰਸੀਆਂ ਅਧੀਨ ਆਉਂਦੀਆਂ ਮੰਡੀਆਂ ਦੀ ਹਾਲ ਵੀ ਇਸ ਤੋਂ ਵੱਖ ਨਹੀਂ ਹੈ। ਮੰਡੀ ਅਧਿਕਾਰੀ ਸਿੱਧੀ ਅਦਾਇਗੀ ਦਾ ਦਾਅਵਾ ਕਰਕੇ ਪੱਲਾ ਝਾੜ ਰਹੇ ਹਨ ਜਦੋਂਕਿ ਪ੍ਰਸਾਸ਼ਨਿਕ ਅਧਿਕਾਰੀ ਫੋਨ ਚੁੱਕਣਾ ਵੀ ਪਸੰਦ ਨਹੀਂ ਕਰਦੇ।
ਭੰਗਾਲਾ ਮੰਡੀ ਦੇ ਕਿਸਾਨਾਂ ਹਰਦੀਪ ਸਿੰਘ, ਮਨੋਹਰ ਸਿੰਘ, ਹਰਨਿੰਦਰ ਸਿੰਘ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਮੰਡੀ ਦੇ ਕਿਸਾਨਾਂ ਦੀ 28 ਅਪਰੈਲ ਤੋਂ ਬਾਅਦ ਦੀ ਅਦਾਇਗੀ ਲਟਕੀ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਵਿੱਤੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਅਦਾਇਗੀ ਨਾ ਹੋਣ ਕਾਰਨ ਕਈ ਕਿਸਾਨ ਆਪਣੀਆਂ ਬੈਂਕ ਲਿਮਟਾਂ ’ਤੇ ਕਰਜ਼ ਦੀਆਂ ਕਿਸ਼ਤਾਂ ਤਾਰਨ ਤੋਂ ਅਸਮਰੱਥ ਹੋਏ ਪਏ ਹਨ। ਉਹ ਕਈ ਵਾਰ ਪ੍ਰਸਾਸ਼ਨਿਕ ਤੇ ਮੰਡੀ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਚੁੱਕੇ ਹਨ, ਪਰ ਮਸਲਾ ਹੱਲ ਨਹੀਂ ਹੋ ਰਿਹਾ। ਮਾਨਸਰ, ਹਾਜੀਪੁਰ, ਦਾਤਾਰਪੁਰ ਤੇ ਬੁੱਢਾਬੜ ਮੰਡੀ ਦੇ ਕਿਸਾਨ ਵੀ ਪ੍ਰੇਸ਼ਾਨ ਹੋ ਰਹੇ ਹਨ।
ਇਸੇ ਦੌਰਾਨ ਭੰਗਾਲਾ ਮੰਡੀ ਦੇ ਆੜ੍ਹਤੀਆਂ ਦਵਿੰਦਰ ਸਿੰਘ, ਹਰਚਰਨ ਸਿੰਘ ਮੱਲ੍ਹੀ, ਮਲਕੀਤ ਸਿੰਘ, ਸੋਹਣ ਸਿੰਘ, ਸਰਵਨ ਸਿੰਘ ਨੇ ਮੰਡੀ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਮੁੱਢ ਤੋਂ ਹੀ ਉਹ ਬਾਰਦਾਨੇ, ਲਿਫਟਿੰਗ ਤੇ ਸੁਚਾਰੂ ਪ੍ਰਬੰਧਾਂ ਦੀ ਘਾਟ ਨਾਲ ਜੂਝ ਰਹੇ ਹਨ। ਕੇਵਲ ਭੰਗਾਲਾ ਮੰਡੀ ਵਿੱਚ ਹੀ 75-80 ਹਜ਼ਾਰ ਬੋਰੀ ਚੁਕਾਈ ਲਈ ਪਈ ਹੈ। ਕਿਸਾਨਾਂ ਨੂੰ ਅਦਾਇਗੀ ਨਾ ਹੋਣ ਕਾਰਨ ਉਹ ਆੜ੍ਹਤੀਆਂ ਕੋਲ ਗੇੜੇ ਕੱਢ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਬਾਰਦਾਨਾ ਮੁਹੱਈਆ ਕਰਵਾ ਕੇ ਤੁਰੰਤ ਲਿਫਟਿੰਗ ਕਰਵਾਈ ਜਾਵੇ।
ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾਵੇਗਾ: ਮੰਡੀ ਬੋਰਡ
ਮੰਡੀ ਬੋਰਡ ਦੇ ਸਕੱਤਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਅਦਾਇਗੀ ਦਾ ਮਸਲਾ ਸਿੱਧਾ ਖੁਰਾਕੀ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਨਾਲ ਜੁੜਿਆ ਹੋਣ ਕਾਰਨ ਉਹ ਅਦਾਇਗੀ ਬਾਰੇ ਕੇਵਲ ਉੱਚ ਅਧਿਕਾਰੀਆਂ ਨੂੰ ਹੀ ਸੂਚਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਦਾਇਗੀ ਹੋਣ ਜਾਂ ਨਾ ਹੋਣ ਸਬੰਧੀ ਕੋਈ ਵੀ ਅੰਕੜਾ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਨਹੀਂ ਮਿਲ ਰਿਹਾ। ਇਸ ਸਬੰਧੀ ਐੱਸਡੀਐੱਮ ਅਸ਼ੋਕ ਕੁਮਾਰ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਅਟੈਂਡ ਨਹੀਂ ਕੀਤਾ।