ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਬੇਸ਼ੱਕ ਕਿਸਾਨ ਜਥੇਬੰਦੀਆਂ ਨੇ ਪੰਜਾਬ ਦਾ ਅਨਾਜ ਕਣਕ/ ਚਾਵਲ ਬਾਹਰ ਭੇਜਣ ਲਈ ਰੇਲ ਗੱਡੀਆਂ ਦਾ ਘਿਰਾਓ ਬੰਦ ਕਰ ਦਿੱਤਾ ਹੈ ਅਤੇ ਲੁਧਿਆਣਾ ਹਿਸਾਰ ਰੇਲ ਲਿੰਕ ’ਤੇ ਇੱਕਾ ਦੂਕਾ ਗੱਡੀਆਂ ਲੰਘੀਆਂ ਹਨ ਪਰ ਜਥੇਬੰਦੀ ਕਿਸਾਨ ਵਿਰੋਧੀ ਕਾਨੂੰਨ ਰੱਦ ਹੋਣ ਤੱਕ ਆਪਣਾ ਸੰਘਰਸ਼ ਬੇਰੋਕ ਜਾਰੀ ਰੱਖਣਗੇ ਚਾਹੇ ਉਨ੍ਹਾਂ ਨੂੰ ਕਿਸਾਨੀ ਦੇ ਭਵਿੱਖ ਲਈ ਕੋਈ ਕੁਰਬਾਨੀ ਦੇਣੇ ਪਵੇ। ਸੂਬਾ ਪ੍ਰਧਾਨ ਨੇ ਕਿਹਾ ਕਿ ਮੋਦੀ ਅਤੇ ਉਸ ਦੇ ਜੋਟੀਦਾਰ ਕਾਰਪੋਰੇਟਰਾਂ ਖ਼ਿਲਾਫ਼ ਟੌਲ ਪਲਾਜ਼ਿਆਂ, ਪੈਟਰੋਲ ਪੰਪਾਂ, ਭਾਜਪਾ ਆਗੂਆਂ ਅਤੇ ਸਮਰਥਕਾਂ ਖਿਲਾਫ਼ ਲਗਾਤਾਰ ਧਰਨੇ ਚਾਲੂ ਰੱਖਣ ਦੀ ਕਿਸਾਨਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 25 ਅਕਤੂਬਰ ਨੂੰ ਦਸਿਹਰੇ ਵਾਲੇ ਦਿਨ ਕਿਸਾਨ ਮੋਦੀ ਅਤੇ ਉਸ ਦੇ ਜੋਟੀਦਾਰਾਂ ਦੇ ਥਾਂ-ਥਾਂ ’ਤੇ ਪੰਜਾਬ ਭਰ ’ਚ ਰਾਵਨਰੂਪੀ ਪੁਤਲੇ ਸਾੜ੍ਹੇ ਜਾਣਗੇੇ। ਇਸੇ ਦੌਰਾਨ ਜਥੇਬੰਦੀ ਦੀ ਬਲਾਕ ਇਕਾਈ ਨੇ ਧਰਮਿੰਦਰ ਸਿੰਘ ਪਿਸ਼ੋਰ ਦੀ ਅਗਵਾਈ ’ਚ ਰਿਲਾਇੰਸ ਪੈਟਰੋਲ ਪੰਪ ਅੱਗੇ ਲਾਇਆ ਲਗਾਤਾਰ ਧਰਨਾ 23 ਵੇਂ ਦਿਨ ’ਚ ਸ਼ਾਮਲ ਹੋ ਗਿਆ। ਇਸ ਧਰਨੇ ’ਚ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਉਨ੍ਹਾਂ ਮੋਦੀ ਦੀਆਂ ਫੋਟੋਆਂ ਦੀ ਛਿੱਤਰ ਪ੍ਰੇਰਡ ਕਰਦੇ ਹੋਏ ਪਿੱਟ ਸਿਆਪਾ ਕੀਤਾ। ਧਰਨੇ ਨੂੰ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਮਾਸਟਰ ਗੁਰਚਰਨ ਸਿੰਘ ਖੋਖਰ, ਦਰਸ਼ਨ ਸਿੰਘ ਚੰਗਾਲੀਵਾਲਾ, ਰਾਮ ਸਿੰਘ ਨੰਗਲਾ, ਲੀਲਾ ਸਿੰਘ ਚੋਟੀਆਂ ਅਤੇ ਬਹਾਦਰ ਸਿੰਘ ਨੇ ਸੰਬੋਧਨ ਕੀਤਾ। ਨੌਜਵਾਨ ਲੜਕੇ ਲੜਕੀਆਂ ਨੇ ਆਪਣੀ ਹਾਜ਼ਰੀ ਲਗਵਾਕੇ ਇਨਕਲਾਬੀ ਗੀਤ ਗੀਤ ਗਾਕੇ ਧਰਨਾਕਾਰੀਆਂ ਦੇ ਲੂਕੰਢੇ ਖੜ੍ਹੇ ਕੀਤੇ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਟੌਲ ਪਲਾਜ਼ਾ ਮਾਝੀ, ਟੌਲ ਪਲਾਜ਼ਾ ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਅੱਜ ਬਾਈਵੇਂ ਦਿਨ ਵੀ ਧਰਨੇ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਹਰ ਰੋਜ਼ ਦੀ ਤਰ੍ਹਾਂ ਕਾਲਾਝਾੜ ਟੌਲ ਪਲਾਜ਼ਾ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਲਗਾਏ ਧਰਨੇ ਵਿੱਚ ਵੱਡ ਗਿਣਤੀ ਵਿੱਚ ਕਿਸਾਨ ਤੇ ਬੀਬੀਆਂ ਸ਼ਾਮਲ ਸਨ। ਅੱਜ ਹੀ ਭਵਾਨੀਗੜ੍ਹ ਬਲਾਕ ਦੇ ਪਿੰਡ ਬਖੋਪੀਰ ਵਿਖੇ ਨਹਿਰੀ ਵਿਭਾਗ ਦੇ ਪਟਵਾਰੀ ਦਾ ਘਿਰਾਓ ਕਰਕੇ ਕਾਲਾਝਾੜ ਟੌਲ ਪਲਾਜ਼ਾ ਵਿਖੇ ਚੱਲ ਰਹੇ ਮੋਰਚੇ ਵਿੱਚ ਲਿਆਂਦਾ ਗਿਆ, ਜੋ ਖੇਤਾਂ ਵਿੱਚ ਪਰਾਲੀ ਸਾੜਨ ਸਬੰਧੀ ਗਿਰਦਾਵਰੀ ਕਰਨ ਆਏ ਹੋਏ ਸਨ। ਇਸ ਮੌਕੇ ਜਸਵੀਰ ਸਿੰਘ ਗਗੜਪੁਰ, ਪਿੰਡ ਬਖੋਪੀਰ ਦੇ ਪ੍ਰਧਾਨ ਅਤੇ ਬਾਕੀ ਕਮੇਟੀ ਆਗੂ ਹਾਜ਼ਰ ਸਨ।
ਚਮਕੌਰ ਸਾਹਿਬ(ਸੰਜੀਵ ਬੱਬੀ): ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਬਿਲਾਂ ਖਿਲਾਫ ਚਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਚਮਕੌਰ ਸਾਹਿਬ- ਰੂਪਨਗਰ ਸੜਕ ’ਤੇ ਪਿੰਡ ਕਮਾਲਪੁਰ ਵਿਖੇ ਟੌਲ ਪਲਾਜ਼ਾ ਤੇ 9ਵੇਂ ਦਿਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਬਲਬੀਰ ਸਿੰਘ ਝੱਲੀਆਂ ਕਲਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਬਿਲਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਤਾਂ, ਉਦੋਂ ਤੱਕ ਪੰਜਾਬ ਵਿੱਚ ਕਿਸਾਨਾਂ ਵੱਲੋਂ ਅੰਦੋਲਨ ਜਾਰੀ ਰੱਖਿਆ ਜਾਵੇਗਾ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਵੀ ਵਿਚਾਰ ਸਾਂਝੇ ਕੀਤੇ।