ਚੰਡੀਗੜ੍ਹ (ਚਰਨਜੀਤ ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਿਸਾਨਾਂ ਪ੍ਰਤੀ ਸੁਹਿਰਦ ਹਨ ਤਾਂ ਉਹ ਕੇਂਦਰ ਸਰਕਾਰ ਤੋਂ ਹਮਾਇਤ ਵਾਪਸ ਲੈਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਾਲਤ ’ਤੇ ਸੁਖਬੀਰ ਬਾਦਲ ਫੋਕਾ ਹੇਜ ਦਿਖਾ ਕੇ ਢਕਵੰਜ ਨਾ ਕਰਨ। ਅਮਰਿੰਦਰ ਨੇ ਕਿਹਾ ਕਿ ਅਕਾਲੀ ਦਲ ਦੇ ਸਮਰਥਨ ਨਾਲ ਪਾਸ ਹੋਏ ਖੇਤੀ ਆਰਡੀਨੈਂਸਾਂ ਨੇ ਕਿਸਾਨੀ ਨੂੰ ਮੁਸ਼ਕਲ ਵਿਚ ਪਾਇਆ ਹੈ। ਕੈਪਟਨ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿਚ ਭੁਗਤਣ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਢਕਵੰਜ ਤੋਂ ਪਰਦਾ ਚੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੀ ਪਤਨੀ ਅਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੀ ਕੇਂਦਰੀ ਮੰਤਰੀ ਵਜੋਂ ਇਨ੍ਹਾਂ ਆਰਡੀਨੈਂਸਾਂ ਦੀ ਪ੍ਰਵਾਨਗੀ ’ਤੇ ਮੋਹਰ ਲਾਉਣ ਵਾਲੀ ਵਜ਼ਾਰਤ ਵਿਚ ਸ਼ਾਮਲ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਡੀਨੈਂਸ, ਜਿਨ੍ਹਾਂ ਨੂੰ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫ਼ਾਰਿਸ਼ਾਂ ਦੀ ਲੀਹ ’ਤੇ ਲਿਆਂਦਾ ਗਿਆ ਹੈ, ਭਾਰਤ ਦੇ ਸੰਘੀ ਢਾਂਚੇ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹਨ। ਜੇਕਰ ਸਿਫ਼ਾਰਸ਼ਾਂ ਨੂੰ ਆਰਡੀਨੈਂਸਾਂ ’ਤੇ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਇਹ ਅਨੁਮਾਨ ਤਰਕਸੰਗਤ ਹੈ ਕਿ ਛੇਤੀ ਹੀ ਸਮਰਥਨ ਭਾਅ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨਿੱਜੀ ਅਤੇ ਆਪਣੀ ਪਤਨੀ ਦੇ ਹਿੱਤਾਂ ਦੀ ਰਾਖੀ ਖ਼ਾਤਰ ਇਨ੍ਹਾਂ ਤੱਥਾਂ ਨੂੰ ਅਣਗੌਲਿਆ ਕਰ ਰਿਹਾ ਹੈ।