ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ ਅੱਜ 47ਵੇਂ ਦਿਨ ਵੀ ਜਾਰੀ ਰਿਹਾ। ਇਹ ਧਰਨਾ ਕਿਰਤੀ ਕਿਸਾਨ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਾਇਆ ਗਿਆ ਹੈ। ਇਸ ਮੌਕੇ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ, ਹਰਜੀਤ ਸਿੰਘ ਝੀਤਾ ਤੇ ਹੋਰਨਾਂ ਨੇ ਆਖਿਆ ਕਿ ਕਿਸਾਨਾਂ ਦੀ ਚੰਡੀਗੜ੍ਹ ਵਿਚ ਭਲਕੇ ਹੋਣ ਵਾਲੀ ਮੀਟਿੰਗ ਵਿਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਕੀਤੀ ਗਈ ਆਰਥਿਕ ਘੇਰਾਬੰਦੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਆਰਐੱਸਐੱਸ ਦੇ ਨਿਰਦੇਸ਼ ’ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਘੇਰਾਬੰਦੀ ਕਰਕੇ ਆਪਣਾ ਫਾਸ਼ੀਵਾਦੀ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੀ ਜਾਗਰੂਕ ਕਿਸਾਨ ਲਹਿਰ ਸੂਬੇ ਵਿਚ ਏਕਤਾ ਉਸਾਰ ਰਹੀ ਹੈ ਜਿਸ ਨੂੰ ਸਮੁੱਚੇ ਪੰਜਾਬੀਆਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੇ ਲੋਕ ਫਿਰਕੂ ਅਤੇ ਫਾਸ਼ੀਵਾਦੀ ਏਜੰਡੇ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਬਚਿੱਤਰ ਸਿੰਘ ਕੋਟਲਾ, ਮੇਜਰ ਸਿੰਘ ਕੜਿਆਲ, ਸਤਨਾਮ ਸਿੰਘ ਝੰਡੇਰ, ਜੋਗਿੰਦਰ ਸਿੰਘ ਘੁੱਕੇਵਾਲੀ ਸਮੇਤ ਹੋਰ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।