ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਨਵੰਬਰ
ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 26 ਨਵੰਬਰ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਤਹਿਤ ਪੰਜਾਬ ’ਚ ਵੱਡੀ ਗਿਣਤੀ ਕਿਸਾਨ ਅੱਜ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਪਹੁੰਚ ਚੁੱਕੇ ਹਨ। ਇਸ ਦੌਰਾਨ ਪਟਿਆਲਾ ਜ਼ਿਲ੍ਹੇ ਵਿਚਲੇ ਸ਼ੰਭੂ ਬੈਰੀਅਰ ਰਾਹੀਂ ਕਿਸਾਨਾਂ ਨੇ ਜਦੋਂ ਹਰਿਆਣਾ ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਹਰਿਆਣਾ ਪੁਲੀਸ ਦਰਮਿਆਨ ਧੱਕਾ-ਮੁੱਕੀ ਹੋਈ। ਸ਼ੰਭੂ ਬੈਰੀਅਰ ’ਤੇ ਵਾਪਰੀ ਇਸ ਘਟਨਾ ਦੌਰਾਨ ਇਕ ਕਿਸਾਨ ਜ਼ਖ਼ਮੀ ਵੀ ਹੋ ਗਿਆ, ਜਿਸ ਨੂੰ ਬਾਕਾਇਦਾ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ ਹੈਕਿਸਾਨਾਂ ਨੇ ਹਰਿਆਣਾ ਪੁਲੀਸ ਵੱਲੋਂ ਸੜਕ ’ਤੇ ਰੱਖੇ ਵੱਡੇ ਪੱਥਰ ਵੀ ਘੱਗਰ ਵਿੱਚ ਸੁੱਟ ਦਿੱਤੇ। ਕਿਸਾਨਾਂ ਵੱਲੋਂ ਹਰਿਆਣਾ ’ਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਮਾਹੌਲ ਤਣਾਅਪੂਰਨ ਹੈ। ਇੱਥੇ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਸਮੇਤ ਕਈ ਹੋਰ ਪ੍ਰਮੁੱਖ ਕਿਸਾਨ ਨੇਤਾ ਵੀ ਪੁੱਜੇ ਹੋਏ ਹਨ। ਉਧਰ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਮਿੱਟੀ ਦੇ ਭਰੇ ਟਿੱਪਰ ਅਤੇ ਟਰੱਕ ਲਾਏ ਜਾ ਚੁੱਕੇ ਹਨ। ਕਈ ਕਿਸਾਨ ਭਾਵੇਂ ਪੈਦਲ ਲੰਘ ਗਏ ਹਨ ਪਰ ਟਰੈਕਟਰ ਟਰਾਲੀਆਂ ਵਾਲੇ ਕਿਸਾਨਾਂ ਦੇ ਜਥਿਆਂ ਨੂੰ ਹਰਿਆਣਾ ਪੁਲੀਸ ਨੇ ਰੋਕਿਆ ਹੋਇਆ ਹੈ।
ਹਰਿਆਣਾ ਪੁਲੀਸ ਨੇ ਸ਼ੰਭੂ ਬੈਰੀਅਰ ਤੇ ਘੱਗਰ ਦਰਿਆ ਦੇ ਵਿਚਕਾਰਲੇ ਪੁਲ ‘ਤੇ ਨਾਕਾ ਲਾਇਆ ਹੋਇਆ ਸੀ ਜਿਸ ਨੂੰ ਤੋੜ ਕੇ ਕਿਸਾਨ ਭਾਵੇਂ ਅੱਗੇ ਲੰਘ ਗਏ ਹਨ ਪਰ ਪੁਲ ਦੇ ਅਖੀਰ ‘ਤੇ ਮਿੱਟੀ ਦੇ ਭਰੇ ਟਰੱਕ ਖੜ੍ਹੇ ਹੋਣ ਕਾਰਨ ਕਿਸਾਨ ਹੋਰ ਅੱਗੇ ਨਹੀਂ ਵਧ ਪਾ ਰਹੇ ਪਰ ਇਹ ਸਪੱਸ਼ਟ ਹੋ ਚੁੱਕਾ ਹੈ ਇਕ ਕਿਸਾਨ ਹਰਿਆਣਾ ਪੁਲੀਸ ਦਾ ਪਹਿਲਾ ਨਾਕਾ ਤੋੜ ਕੇ ਹਰਿਆਣਾ ਦੀ ਧਰਤੀ ‘ਤੇ ਦਾਖ਼ਲ ਹੋ ਚੁੱਕੇ ਹਨ। ਕਿਸਾਨਾਂ ਨੂੰ ਹਰਿਆਣਾ ਵਿੱਚ ਪ੍ਰਵੇਸ਼ ਹੋਣ ਤੋਂ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਗਈਆਂ ਪਰ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਵੇਰੇ ਗਿਆਰਾਂ ਵਜੇ ਤੱਕ ਇੱਥੇ 4 ਹਜਾਰ ਦੇ ਕਰੀਬ ਕਿਸਾਨ ਪੁੱਜ ਚੁੱਕੇ ਸਨ।
Bਘਨੌਰ(ਗੁਰਪ੍ਰੀਤ ਸਿੰਘ):Bਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਨੇ ਹਲਕਾ ਘਨੌਰ ’ਚ ਪੈਂਦੇ ਦਿੱਲੀ ਅੰਮ੍ਰਿਤਸਰ ਜੀਟੀ ਰੋਡ ’ਤੇ ਸ਼ੰਭੂ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।