ਚਰਨਜੀਤ ਭੁੱਲਰ
ਚੰਡੀਗੜ੍ਹ, 22 ਮਈ
ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ (ਕੇਸੀਆਰ) ਨੇ ਅੱਜ ਇੱਥੇ ਗਲਵਾਨ ਘਾਟੀ ਅਤੇ ਕਿਸਾਨ ਸੰਘਰਸ਼ ’ਚ ਸ਼ਹੀਦ ਹੋਏ ਜਵਾਨਾਂ ਤੇ ਕਿਸਾਨਾਂ ਦੇ ਵਾਰਸਾਂ ਦੇ ਇਕੱਠ ’ਚ ਕਿਸਾਨਾਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਲਈ ਸੰਵਿਧਾਨਕ ਗਾਰੰਟੀ ਮਿਲਣ ਤੱਕ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਅੰਦੋਲਨ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਹੈ। ਕਿਸਾਨ ਚਾਹੁਣ ਤਾਂ ਹਾਕਮਾਂ ਦੇ ਤਖ਼ਤ ਪਲਟ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਵਿਚ ਕਿਸਾਨ ਉਨ੍ਹਾਂ ਨੂੰ ਵੋਟ ਪਾਉਣ ਜੋ ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਦੇਣ ਦੀ ਗੱਲ ਕਰੇ। ਉਨ੍ਹਾਂ ਕਿਹਾ ਕਿ ਕਿਸਾਨ ਜੇਕਰ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਮੈਦਾਨ ’ਚ ਨਿੱਤਰਦੇ ਹਨ ਤਾਂ ਉਹ ਕੇਂਦਰ ਦਾ ਤਖ਼ਤ ਵੀ ਪਲਟ ਸਕਦੇ ਹਨ। ਕੇਸੀਆਰ ਨੇ ਇਸ ਅੰਦੋਲਨ ਵਿਚ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਜਦੋਂ ਕੇਂਦਰ ਨੇ ਤਿਲੰਗਾਨਾ ਵਿੱਚ ਕਿਸਾਨਾਂ ’ਤੇ ਬਿਜਲੀ ਬਿੱਲ ਲਾਉਣ ਅਤੇ ਮੀਟਰ ਲਾਉਣ ਦੀ ਗੱਲ ਕਹੀ ਤਾਂ ਉਨ੍ਹਾਂ ਸਾਫ਼ ਜੁਆਬ ਦੇ ਦਿੱਤਾ ਸੀ। ਕੇਸੀਆਰ ਨੇ ਕਿਹਾ ਕਿ ਖੇਤੀ ਖੇਤਰ ਦੇ ਸੰਕਟ ਦੀ ਅਸਲ ਜੜ੍ਹ ਕਿੱਥੇ ਹੈ, ਇਸ ’ਤੇ ਕੌਮੀ ਬਹਿਸ ਹੋਣੀ ਚਾਹੀਦੀ ਹੈ। ਉਨ੍ਹਾਂ ਆਜ਼ਾਦੀ ਦੇ ਅੰਦੋਲਨ ਅਤੇ ਖੇਤੀ ’ਚ ਹਰੀ ਕ੍ਰਾਂਤੀ ਲਿਆਉਣ ਵਾਲੇ ਪੰਜਾਬ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਰਾਓ ਨੇ ਅੱਜ ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਤਿੰਨ-ਤਿੰਨ ਲੱਖ ਰੁਪਏ ਅਤੇ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਵੰਡੇ। ਇਨ੍ਹਾਂ ਵਿਚ ਪੰਜਾਬ ਦੇ 543 ਅਤੇ ਹਰਿਆਣਾ ਦੇ 150 ਕਿਸਾਨ ਪਰਿਵਾਰ ਸਮਾਗਮ ’ਚ ਸ਼ਾਮਿਲ ਸਨ। ਗਲਵਾਨ ਘਾਟੀ ਵਿਚ ਸ਼ਹੀਦ ਹੋਏ ਚਾਰ ਜਵਾਨਾਂ ਦੇ ਪਰਿਵਾਰ ਵੀ ਸਮਾਗਮ ’ਚ ਹਾਜ਼ਰ ਸਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਤੇ ਜਵਾਨਾਂ ਨੂੰ ਦੇਸ਼ ਦੀ ਸ਼ਾਨ ਦਸਦਿਆਂ ਕਿਹਾ ਕਿ ਖੇਤੀ ਨੂੰ ਬਚਾਉਣ ਲਈ ਕਿਸਾਨ ਅਤੇ ਦੇਸ਼ ਦੀ ਰਾਖੀ ਲਈ ਜਵਾਨ ਕੁਰਬਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਸਰਕਾਰ ਨੇ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਕੀਤੀ ਤਾਂ ਕੇਂਦਰ ਨੇ ਉਨ੍ਹਾਂ ’ਤੇ ਕਈ ਤਰ੍ਹਾਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਅੱਜ ਇੱਥੇ ਟੈਗੋਰ ਥੀਏਟਰ ਵਿੱਚ ਸਮਾਗਮਾਂ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਸਮਾਗਮਾਂ ਵਿਚ ਤਿਲੰਗਾਨਾ ਦੇ ਕੈਬਨਿਟ ਮੰਤਰੀ ਪ੍ਰਸ਼ਾਂਤ ਰੈੱਡੀ, ਸੰਸਦ ਮੈਂਬਰ ਨਾਮਾ ਨਾਗੇਸ਼ਵਰ ਰਾਓ, ਕੌਮੀ ਕਿਸਾਨ ਨੇਤਾ ਰਾਕੇਸ਼ ਟਿਕੈਤ, ਤਿਲੰਗਾਨਾ ਦੇ ਮੁੱਖ ਸਕੱਤਰ ਸੋਮੇਸ਼ ਕੁਮਾਰ, ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਆਦਿ ਮੌਜੂਦ ਸਨ।
ਕੌਮੀ ਸਿਆਸਤ ’ਚ ਨਵੇਂ ਉਭਾਰ ਦੇ ਸੰਕੇਤ
ਸਮਾਰੋਹਾਂ ਦੀ ਸਟੇਜ ਤੋਂ ਤਿੰਨ ਮੁੱਖ ਮੰਤਰੀਆਂ ਦੀ ਮੌਜੂਦਗੀ ਅਤੇ ਉਨ੍ਹਾਂ ਦੇ ਭਾਸ਼ਾ ਦਾ ਕੇਂਦਰ ਬਿੰਦੂ ਇੱਕ ਅਲੱਗ ਸਿਆਸੀ ਸੁਨੇਹਾ ਦੇ ਗਿਆ। ਬੇਸ਼ੱਕ ਤਿਲੰਗਾਨਾ ਸਰਕਾਰ ਨੇ ਅੱਜ ਕਿਸਾਨਾਂ ਤੇ ਜਵਾਨਾਂ ਦਾ ਦਰਦ ਵੰਡਾਇਆ ਪ੍ਰੰਤੂ ਅੱਜ ਸਟੇਜ ਤੋਂ ਭਾਸ਼ਣਾਂ ਦੇ ਸੁਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਚੌਕੰਨਾ ਕਰਨ ਵਾਲੇ ਸਨ। ਸਮਾਗਮ ਵਿਚ ਭਾਜਪਾ ਵਿਰੁੱਧ ਨਾਅਰੇਬਾਜ਼ੀ ਅਤੇ ਸਟੇਜ ’ਤੇ ਉਚੇਚੇ ਤੌਰ ’ਤੇ ਰਾਕੇਸ਼ ਟਿਕੈਤ ਦੀ ਹਾਜ਼ਰੀ ਵੀ ਕਿਸੇ ਸਿਆਸੀ ਇਸ਼ਾਰੇ ਤੋਂ ਘੱਟ ਨਹੀਂ ਸੀ। ਅੱਜ ਦੇ ਸਮਾਗਮਾਂ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਜਦਕਿ ਹਰਿਆਣਾ ਦੇ ਪਰਿਵਾਰ ਮੌਜੂਦ ਸਨ।
ਕਿਸਾਨਾਂ ਨੂੰ ‘ਕਰਜ਼ਾ ਮੁਕਤ’ ਕਰਾਂਗੇ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਬਣਾਉਣ ਲਈ ਕਦਮ ਚੁੱਕਣ ਦਾ ਐਲਾਨ ਕੀਤਾ ਜੋ ਕਿ ਕਰਜ਼ਾ ਮੁਆਫ਼ੀ ਨਾਲੋਂ ਜ਼ਿਆਦਾ ਮਹੱਤਵ ਰੱਖਦੇ ਹਨ। ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦਿਆਂ ਕਿਹਾ ਕਿ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਤੇ ਇਹ ਘਾਟਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਕਿਸਾਨ ਹਿਤੈਸ਼ੀ ਫ਼ੈਸਲੇ ਲੈਂਦੀ ਰਹੇਗੀ ਅਤੇ ਇੱਥੇ ਨਵਾਂ ਖੇਤੀ ਮਾਡਲ ਸਥਾਪਿਤ ਕਰਾਂਗੇ। ਉਨ੍ਹਾਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇਗਾ ਤਾਂ ਜੋ ਕਿਸਾਨਾਂ ਦੀ ਅਗਲੀ ਪੀੜ੍ਹੀ ਆਪਣਾ ਪਿਤਾ ਪੁਰਖੀ ਧੰਦਾ ਅਪਣਾਉਣ ਵਿਚ ਮਾਣ ਮਹਿਸੂਸ ਕਰੇ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਦਿੱਤੇ ਜਾਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਚੱਲਿਆ ਕਿਸਾਨ ਅੰਦੋਲਨ ਹੁਣ ਤੱਕ ਦਾ ਸਭ ਤੋਂ ਵੱਡਾ ਵਿਰੋਧ ਸੀ।
ਸਮਾਗਮ ’ਚ ਮਾਹੌਲ ਹੋਇਆ ਭਾਵੁਕ
ਇੱਕ ਕਿਸਾਨ ਪਰਿਵਾਰ ਦੀ ਔਰਤ ਜਦੋਂ ਸਟੇਜ ’ਤੇ ਪੁੱਜੀ ਤਾਂ ਚੈੱਕ ਹਾਸਲ ਕਰਨ ਤੋਂ ਪਹਿਲਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਗਲ ਲੱਗ ਕੇ ਰੋ ਪਈ। ਭਗਵੰਤ ਮਾਨ ਕਿੰਨਾ ਸਮਾਂ ਉਸ ਮਹਿਲਾ ਨੂੰ ਦਿਲਾਸਾ ਦਿੰਦੇ ਰਹੇ| ਅੱਜ ਸਮਾਗਮਾਂ ਵਿਚ ਬੈਠੀਆਂ ਔਰਤਾਂ ਦੀਆਂ ਅੱਖਾਂ ਵਿਚ ਹੰਝੂ ਅਤੇ ਦਿਲਾਂ ਦੇ ਦਰਦ ਚਿਹਰਿਆਂ ਤੋਂ ਸਾਫ ਦਿੱਖ ਰਹੇ ਸਨ। ਕੋਈ ਮਹਿਲਾ ਆਪਣਾ ਪਤੀ ਅਤੇ ਕੋਈ ਪੁੱਤ ਕਿਸਾਨ ਅੰਦੋਲਨ ਦੇ ਲੇਖੇ ਲਾ ਚੁੱਕੀ ਹੈ।