ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਜਨਵਰੀ
ਇੱਥੇ ਅਗਰਵਾਲ ਧਰਮਸ਼ਾਲਾ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਭਾਜਪਾ ਦੇ ਸੂਬਾਈ ਆਗੂ ਦਿਨੇਸ਼ ਕੁਮਾਰ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਮੀਟਿੰਗ ਵਿੱਚ ਸੰਬੋਧਨ ਕਰਕੇ ਦਿਨੇਸ਼ ਕੁਮਾਰ ਜਿਵੇਂ ਹੀ ਆਪਣੀ ਗੱਡੀ ਵੱਲ ਵਧੇ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ ਅਤੇ ਗੁਰਦੇਵ ਸਿੰਘ ਆਲੋਅਰਖ ਦੀ ਅਗਵਾਈ ਹੇਠ ਕਿਸਾਨਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਆਗੂ ਨੂੰ ਮੁੜ ਧਰਮਸ਼ਾਲਾ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਲਾਉਣ ਲਈ ਜਾਣ-ਬੁੱਝ ਕੇ ਪੰਜਾਬ ਵਿੱਚ ਮੀਟਿੰਗਾਂ ਕਰ ਰਹੇ ਹਨ। ਉਹ ਭਾਜਪਾ ਆਗੂਆਂ ਨੂੰ ਕਿਸੇ ਵੀ ਕੀਮਤ ’ਤੇ ਅਜਿਹੀਆਂ ਕਿਸਾਨ ਵਿਰੋਧੀ ਸਰਗਰਮੀਆਂ ਨਹੀਂ ਕਰਨ ਦੇਣਗੇ। ਅਖੀਰ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਸਾਨ ਧਰਨੇ ਵਿੱਚ ਆ ਕੇ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨ ਦੇ ਪੁੱਤਰ ਹਨ ਅਤੇ ਉਹ ਹਮੇਸ਼ਾਂ ਕਿਸਾਨ ਦੇ ਹਿੱਤ ਵਿੱਚ ਖੜ੍ਹਨਗੇ। ਇਸ ਮਗਰੋਂ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਐੱਸਪੀ (ਡੀ) ਗੁਰਪ੍ਰੀਤ ਸਿੰਘ, ਭਵਾਨੀਗੜ੍ਹ ਦੇ ਡੀਐੱਸਪੀ ਸੁਖਰਾਜ ਸਿੰਘ ਘੁਮਾਣ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਹਾਜ਼ਰ ਸਨ।
ਸਰਾ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ
ਬਠਿੰਡਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਅ) ਅਤੇ ਦਲ ਖ਼ਾਲਸਾ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਅੱਜ ਇੱਥੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਗੁਰਸੇਵਕ ਸਿੰਘ ਜਵਾਹਰਕੇ ਅਤੇ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਬਠਿੰਡਾ ਦੇ ਭਾਜਪਾ ਆਗੂ ਸੁਖਪਾਲ ਸਿੰਘ ਸਰਾ ਨੂੰ ਸੁਰੱਖਿਆ ਦੇਣ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਖ਼ਿਲਾਫ਼ ਕੇਸ ਦਰਜ ਹੋਇਆ ਹੈ, ਉਸ ਨੂੰ ਸੁਰੱਖਿਆ ਦੇਣੀ ਗ਼ਲਤ ਹੈ। ਇਸ ਨਾਲ ਕੈਪਟਨ ਸਰਕਾਰ ਦਾ ਭਾਜਪਾ ਪ੍ਰੇਮ ਸਾਹਮਣੇ ਆਉਂਦਾ ਹੈ। ਜ਼ਿਕਰਯੋਗ ਹੈ ਸੁਖਪਾਲ ਸਿੰਘ ਸਰਾ ਨੇ ਬੀਤੇ ਦਿਨੀਂ ਖੇਤੀ ਕਾਨੂੰਨਾਂ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਦੇ ‘ਜ਼ਫ਼ਰਨਾਮਾ’ ਨਾਲ ਕਰ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਇਸ ਸਬੰਧੀ ਬਠਿੰਡਾ ਪੁਲੀਸ ਨੇ ਸਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਨਾਲ ਹੀ ਉਸ ਨੂੰ ਦੋ ਸੁਰੱਖਿਆ ਮੁਲਾਜ਼ਮ ਵੀ ਮੁਹੱਈਆ ਕਰਵਾ ਦਿੱਤੇ ਗਏ ਹਨ, ਜਿਸ ਦਾ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ।