ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 4 ਅਕਤੂਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ਉੱਪਰ ਦੇਵੀਦਾਸਪੁਰਾ ਰੇਲ ਟਰੈਕ ’ਤੇ ਚੱਲ ਰਿਹਾ ਰੇਲ ਰੋਕੋ ਅੰਦੋਲਨ 11ਵੇਂ ਦਿਨ ਵੀ ਜਾਰੀ ਰਿਹਾ। ਰੇਲ ਟਰੈਕ ਉੱਪਰ ਅੱਜ ਕਿਸਾਨਾਂ-ਮਜ਼ਦੂਰਾਂ ਵੱਲੋਂ ਆਰਐਸਐਸ ਮੁਖੀ ਮੋਹਨ ਭਾਗਵਤ, ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਤੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ 6 ਅਕਤੂਬਰ ਨੂੰ ਹਰਿਆਣਾ ਦੀਆਂ 17 ਜਥੇਬੰਦੀਆਂ ਤੇ 14 ਅਕਤੂਬਰ ਦੇ ਦੇਸ਼ ਵਿਆਪੀ ਅੰਦੋਲਨ ਦਾ ਸਮਰਥਨ ਅਤੇ ਸ਼ੰਭੂ ਬਾਰਡਰ ਦੇ ਮੋਰਚੇ ਦਾ ਵੀ ਪੂਰਨ ਸਮਰਥਨ ਕਰਦੇ ਹਨ। ਕਿਸਾਨ ਆਗੂਆਂ ਸੁਖਵਿੰਦਰ ਸਿੰਘ ਸਭਰਾ, ਗੁਰਚਰਨ ਸਿੰਘ ਚੱਬਾ ਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਖੇਤੀ ਸੁਧਾਰ ਬਿੱਲ ਦੇਸ਼ ਦੇ ਹਿੱਤ ਵਿੱਚ ਹਨ ਪਰ ਇਹ ਬਿਆਨ ਹੀ ਕਿਸਾਨ-ਮਜ਼ਦੂਰ ਆਗੂਆਂ ਨਾਲ ਗੱਲਬਾਤ ਵਿਚ ਵੱਡਾ ਅੜਿੱਕਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਕਰਨ ਤੋਂ ਪਹਿਲਾਂ ਸ਼ਾਂਤਮਈ ਮਾਹੌਲ ਪੈਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਮੀਡੀਆ ਵਿਚ ਆਉਣ ਲਈ ਹੀ ਸ਼ੋਸ਼ੇ ਕਰ ਰਹੇ ਹਨ। ਉਨ੍ਹਾਂ ਕਾਂਗਰਸ ’ਤੇ ਵੀ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਦੋਸ਼ ਲਾਏ।
ਪੱਕਾ ਮੋਰਚਾ 8 ਅਕਤੂਬਰ ਤਕ ਜਾਰੀ ਰਹੇਗਾ
ਫਿਰੋਜ਼ਪੁਰ (ਸੰਜੀਵ ਹਾਂਡਾ): ਕਿਸਾਨ ਮਜ਼ਦੂਰਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਰੇਲਵੇ ਟਰੈਕ ’ਤੇ ਲਾਏ ਪੱਕੇ ਮੋਰਚੇ ਦੇ ਅੱਜ ਗਿਆਰਵੇਂ ਦਿਨ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੱਕਾ ਮੋਰਚਾ 8 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ 6 ਅਕਤੂਬਰ ਨੂੰ ਹਰਿਆਣਾ ਵਿਚ 19 ਕਿਸਾਨ ਜਥੇਬੰਦੀਆਂ ਵੱਲੋਂ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਦੇ ਘਰਾਂ ਦਾ ਘਿਰਾਓ ਕਰਨ ਦੀ ਹਮਾਇਤ ਕੀਤੀ। ਉਨ੍ਹਾਂ 14 ਅਕਤੂਬਰ ਨੂੰ ਦੇਸ਼ ਦੀਆਂ 250 ਜਥੇਬੰਦੀਆਂ ਵੱਲੋਂ ਵਿੱਢੇ ਜਾ ਰਹੇ ਅੰਦੋਲਨ ਦੀ ਵੀ ਹਮਾਇਤ ਕੀਤੀ। ਕਿਸਾਨ ਆਗੂ ਮੰਗ ਕਰ ਰਹੇ ਹਨ ਕਿ ਪੰਜਾਬ ਦੇ 13 ਲੋਕ ਸਭਾ ਤੇ 7 ਰਾਜ ਸਭਾ ਮੈਂਬਰ ਤੁਰੰਤ ਅਸਤੀਫ਼ੇ ਦੇਣ।