ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੂਨ
ਐੱਸਸੀ ਕਮਿਸ਼ਨ ਦੇ ਕੌਮੀ ਚੇਅਰਮੈਨ ਅਤੇ ਭਾਜਪਾ ਆਗੂ ਵਿਜੈ ਸਾਂਪਲਾ ਨੂੰ ਅੱਜ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਰੈਸਟ ਹਾਊਸ ਨੂੰ ਘੇਰਿਆ ਅਤੇ ਬਾਅਦ ਵਿੱਚ ਪਿੰਡ ਫਫੜੇ ਭਾਈਕੇ ਦੀਆਂ ਫਿਰਨੀਆਂ ’ਤੇ ਧਰਨੇ ਲਾ ਕੇ ਸਾਂਪਲਾ ਦਾ ਰਾਹ ਰੋਕ ਦਿੱਤਾ। ਸ੍ਰੀ ਸਾਂਪਲਾ ਦਲਿਤ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਪਿੰਡ ਫਫੜੇ ਭਾਈਕੇ ’ਚ ਉਸ ਦੇ ਘਰ ਜਾਣਾ ਚਾਹੁੰਦੇ ਸਨ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਨੌਜਵਾਨ ਦੀ ਮੌਤ ਬੁਢਲਾਡਾ ਪੁਲੀਸ ਦੀ ਕੁੱਟਮਾਰ ਕਾਰਨ ਹੋਈ ਹੈ। ਨੌਜਵਾਨ ਦਾ 30 ਮਈ ਨੂੰ ਪਿੰਡ ਫਫੜੇ ਭਾਈਕੇ ’ਚ ਭੋਗ ਪਿਆ ਸੀ ਅਤੇ ਵੱਖ-ਵੱਖ ਧਿਰਾਂ ਵੱਲੋਂ ਇਨਸਾਫ਼ ਲਈ ਸੰਘਰਸ਼ ਵਿੱਢਿਆ ਗਿਆ ਸੀ। ਵੇਰਵਿਆਂ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਮਾਨਸਾ ਦੇ ਰੈਸਟ ਹਾਊਸ ਵਿਖੇ ਆਉਣਾ ਸੀ, ਪਰ ਇਸ ਦੀ ਭਿਣਕ ਜਦੋਂ ਕਿਸਾਨ ਜਥੇਬੰਦੀਆਂ ਨੂੰ ਪਈ ਤਾਂ ਉਨ੍ਹਾਂ ਰੈਸਟ ਹਾਊਸ ਨੂੰ ਘੇਰਾ ਪਾ ਲਿਆ। ਇਸ ਦੀ ਸੂਚਨਾ ਜਦੋਂ ਪੁਲੀਸ ਨੂੰ ਮਿਲੀ ਤਾਂ ਉਨ੍ਹਾਂ ਸ੍ਰੀ ਸਾਂਪਲਾ ਨੂੰ ਸ਼ਹਿਰ ਤੋਂ ਬਾਹਰ ਪੁਲੀਸ ਲਾਈਨ ’ਚ ਰੋਕ ਲਿਆ। ਕਿਸਾਨਾਂ ਨੂੰ ਜਦੋਂ ਉਨ੍ਹਾਂ ਦੇ ਪਿੰਡ ਫਫੜੇ ਭਾਈਕੇ ਜਾਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਪਿੰਡ ਦੀਆਂ ਫਿਰਨੀਆਂ ’ਤੇ ਵੀ ਧਰਨਾ ਲਾ ਕੇ ਮੋਦੀ ਸਰਕਾਰ ਅਤੇ ਭਾਜਪਾ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਸ੍ਰੀ ਸਾਂਪਲਾ ਨੂੰ ਪਿੰਡ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਗਿਣਤੀ ’ਚ ਕਿਸਾਨਾਂ ਦੇ ਪਹੁੰਚਣ ਕਾਰਨ ਉਹ ਕਾਮਯਾਬ ਨਾ ਹੋ ਸਕੇ। ਬਾਅਦ ਵਿੱਚ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੇ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਪੁਲੀਸ ਲਾਈਨ ’ਚ ਵਿਜੈ ਸਾਂਪਲਾ ਨਾਲ ਮੁਲਾਕਾਤ ਕਰਵਾਈ। ਸ੍ਰੀ ਸਾਂਪਲਾ ਨੇ ਪਰਿਵਾਰ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਪਰਿਵਾਰ ਨੂੰ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਥਾਣੇ ਦੇ ਮੁਖੀ ਉੱਤੇ ਮਾਮਲਾ ਦਰਜ ਹੋ ਗਿਆ ਹੈ ਅਤੇ ਪਰਿਵਾਰ ਨੂੰ ਸਵਾ ਅੱਠ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਵਿਚੋਂ 4 ਲੱਖ 12 ਹਜ਼ਾਰ 500 ਰੁਪਏ ਦਾ ਚੈੱਕ ਮੰਗਲਵਾਰ ਤੋਂ ਪਹਿਲਾਂ-ਪਹਿਲਾਂ ਮਿਲ ਜਾਵੇਗਾ ਅਤੇ ਬਾਕੀ ਰਹਿੰਦੀ ਰਾਸ਼ੀ ਅਗਲੇ ਦਿਨਾਂ ਵਿੱਚ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਵੀ ਦਿੱਤੀ ਜਾਵੇਗੀ ਅਤੇ ਜੇਕਰ ਮਨਪ੍ਰੀਤ ਸਿੰਘ ਦਾ ਛੋਟਾ ਭਰਾ ਪੜ੍ਹਨਾ ਚਾਹੁੰਦਾ ਹੈ ਤਾਂ ਉਸ ਦੀ ਪੜ੍ਹਾਈ ਦਾ ਖ਼ਰਚਾ ਵੀ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਹਿਫ਼ਾਜ਼ਤ ਲਈ ਪੀਸੀਆਰ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਪਿੰਡ ਦਾ ਮਾਹੌਲ ਬਰਕਰਾਰ ਰਹਿ ਸਕੇ। ਸਾਂਪਲਾ ਨੇ ਇਹ ਵੀ ਕਿਹਾ ਕਿ ਜਿਹੜੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਰਸਤਾ ਰੋਕਿਆ ਗਿਆ ਹੈ, ਉਨ੍ਹਾਂ ਉਪਰ ਬਕਾਇਦਾ ਪੁਲੀਸ ਕਾਰਵਾਈ ਕੀਤੀ ਜਾਵੇਗੀ। ਪੁਲੀਸ ਲਾਈਨ ’ਚ ਗੱਲਬਾਤ ਦੌਰਾਨ ਆਈਜੀ ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਮਹਿੰਦਰਪਾਲ ਅਤੇ ਐੱਸਐੱਸਪੀ ਸੁਰੇਂਦਰ ਲਾਂਬਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਭਾਜਪਾ ਦੀ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਮੱਖਣ ਲਾਲ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਨੇ ਦਲਿਤ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪਿੰਡ ਫਫੜੇ ਭਾਈਕੇ ’ਚ ਦੁੱਖ ਪ੍ਰਗਟ ਕਰਨ ਲਈ ਜਾਣਾ ਸੀ, ਪਰ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਉਹ ਮਾਨਸਾ ’ਚ ਹੀ ਪੀੜਤ ਪਰਿਵਾਰ ਨੂੰ ਮਿਲ ਕੇ ਵਾਪਸ ਚਲੇ ਗਏ ਹਨ।
ਛੇ ਆਗੂਆਂ ਸਮੇਤ 250 ਕਿਸਾਨਾਂ ਉੱਤੇ ਪਰਚੇ ਦਰਜ
ਮਾਨਸਾ: ਭਾਜਪਾ ਆਗੂ ਵਿਜੈ ਸਾਂਪਲਾ ਦਾ ਵਿਰੋਧ ਕਰਨ ਵਾਲੇ 6 ਕਿਸਾਨ ਆਗੂਆਂ ਸਮੇਤ 250 ਨਾਮਲੂਮ ਕਿਸਾਨਾਂ ’ਤੇ ਪੁਲੀਸ ਵੱਲੋਂ ਭੀਖੀ ਥਾਣੇ ’ਚ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਕਿਸਾਨਾਂ ਵਿੱਚ ਸਾਧੂ ਸਿੰਘ ਅਲੀਸ਼ੇਰ, ਬਲਮ ਸਿੰਘ ਫਫੜੇ ਭਾਈਕੇ, ਜਗਤਾਰ ਸਿੰਘ ਸਾਬਕਾ ਸਰਪੰਚ ਗੁਰਨੇ ਕਲਾਂ, ਅਮਨਜੀਤ ਸਿੰਘ ਜਿੱਤੀ ਗੁਰਨੇ ਖੁਰਦ, ਜਸਵਿੰਦਰ ਸਿੰਘ ਗੁਰਨੇ ਕਲਾਂ ਸ਼ਾਮਲ ਹਨ। ਪੁਲੀਸ ਨੇ ਧਾਰਾ 188, 283, ਐੱਸਸੀ ਅਤੇ ਐੱਸਟੀ ਪ੍ਰੀਵੈਨਸ਼ਨ ਐਕਟ 3 (1) ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ-2005-51 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਦਰਜ ਐੱਫਆਈਆਰ ’ਚ ਕਿਹਾ ਗਿਆ ਹੈ ਕਿ ਕਿਸਾਨਾਂ ਨੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਹੈ। ਫਫੜੇ ਭਾਈਕੇ ਦੇ ਦੀਵਾਨ ਸਿੰਘ ਦੀ ਸ਼ਿਕਾਇਤ ’ਤੇ ਪਰਚਾ ਦਰਜ ਕੀਤਾ ਗਿਆ ਹੈ। ਬੇਸ਼ੱਕ ਪਿੰਡ ਵਿੱਚ ਭਾਰੀ ਪੁਲੀਸ ਫੋਰਸ ਹਨੇਰਾ ਹੋਣ ਤੱਕ ਕਾਇਮ ਸੀ, ਪਰ ਇਸ ਮਾਮਲੇ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।