ਰਤਨ ਸਿੰਘ ਢਿੱਲੋਂ
ਅੰਬਾਲਾ, 6 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਅੰਬਾਲਾ ਅਤੇ ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਟੌਲ ਪਲਾਜ਼ਾ ’ਤੇ ਪੰਜਾਬ ਵਾਲੇ ਪਾਸੇ 12 ਵਜੇ ਤੋਂ 3 ਵਜੇ ਤਕ ਚੱਕਾ ਜਾਮ ਕੀਤਾ। ਸਵੇਰ ਤੋਂ ਹੀ ਪੰਜਾਬ ਅਤੇ ਹਰਿਆਣਾ ਦੇ ਬਜ਼ੁਰਗ ਤੇ ਨੌਜਵਾਨ ਹੱਥਾਂ ਵਿੱਚ ਕਿਸਾਨੀ ਅਤੇ ਤਿਰੰਗੇ ਝੰਡੇ ਲਈ ਨਿਸ਼ਚਤ ਸਥਾਨ ’ਤੇ ਪਹੁੰਚਣੇ ਸ਼ੁਰੂ ਹੋ ਗਏ। ਇਸ ਦੌਰਾਨ ਪੰਜਾਬ ਵਾਲੇ ਪਾਸੇ ਪੰਜਾਬ ਪੁਲੀਸ ਅਤੇ ਹਰਿਆਣਾ ਵਾਲੇ ਪਾਸੇ ਅੰਬਾਲਾ ਪੁਲੀਸ ਦੇ ਜਵਾਨ ਭਾਰੀ ਗਿਣਤੀ ਵਿੱਚ ਮੌਜੂਦ ਸਨ। ਅੰਬਾਲਾ ਪੁਲੀਸ ਨੇ ਸ਼ੰਭੂ ਟੌਲ ਪਲਾਜ਼ਾ ਤੋਂ ਕਿਲੋਮੀਟਰ ਪਹਿਲਾਂ ਹੀ ਬੈਰੀਗੇਡ ਲਾ ਕੇ ਆਵਾਜਾਈ ਬੰਦ ਕਰ ਦਿੱਤੀ ਸੀ। ਕਿਸਾਨਾਂ ਨੇ ਆਪਣੇ ਟਰੈਕਟਰ ਸ਼ੰਭੂ ਟੌਲ ਪਲਾਜ਼ਾ ’ਤੇ ਲਾਈਨਾਂ ਵਿੱਚ ਖੜ੍ਹੇ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜੀਟੀ ਰੋਡ ’ਤੇ ਟਰੈਕਟਰ ਟਰਾਲੀਆਂ ਖੜੀਆਂ ਕਰ ਕੇ ਸ਼ਾਂਤਮਈ ਢੰਗ ਨਾਲ ਸੜਕ ’ਤੇ ਬੈਠ ਕੇ ਚੱਕਾ ਜਾਮ ਕੀਤਾ। ਇਸ ਦੌਰਾਨ ਸ਼ਹਿਰ ਵਿੱਚ ਕਈ ਕਿਲੋਮੀਟਰ ਲੰਮਾ ਜਾਮ ਲੱਗਿਆ ਪਰ ਕਿਸਾਨਾਂ ਵੱਲੋਂ ਐਂਬੂਲੈਸਾਂ ਨੂੰ ਬਿਨਾਂ ਰੋਕ-ਟੋਕ ਲੰਘਣ ਦਿੱਤਾ ਗਿਆ।
ਮੰਚ ਤੋਂ ਸੁਖਚੈਨ ਸਿੰਘ ਪੰਜੋਖਰਾ ਨੇ ਕਿਸਾਨਾਂ, ਵਿਦੇਸ਼ੀ ਅਦਾਕਾਰਾਂ ਅਤੇ ਹੋਰ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਭਾਜਪਾ ਮਾਨੂ ਖਾਲਸਤਾਨੀ ਬਤਾਵਾਂ, ਮਾਰ੍ਹੇ ਛੋਕਰਿਆਂ ਕੇ ਸਰੀਰ ਤਰੰਗੇ ਮਾ ਲਿਪਟ ਕੇ ਆਵਾਂ।’ ਕਪਿਲ ਸ਼ਰਮਾ ਬਾਬਾਹੇੜੀ ਸਮੇਤ ਹੋਰਨਾਂ ਨੇ ਸੰਬੋਧਨ ਕਰਦਿਆਂ ਹਰਿਆਣਾ ਪੰਜਾਬ ਭਾਈਚਾਰਾ ਅਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਗੁਲਾਬ ਸਿੰਘ ਨੇ ਕਿਹਾ ਕਿ ਇਹ ਜਾਮ ਕੇਵਲ ਕੇਂਦਰ ਸਰਕਾਰ ਤਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਵਜੋਂ ਹੈ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਤੋੜਨ ਦੀ ਰਾਜਨੀਤੀ ਬੰਦ ਕਰੇ। ਉਨ੍ਹਾਂ ਜਾਮ ਦੌਰਾਨ ਤਕਲੀਫ਼ ਉਠਾਉਣ ਵਾਲਿਆਂ ਕੋਲੋਂ ਮੁਆਫ਼ੀ ਮੰਗੀ। ਜਾਮ ਖੁੱਲ੍ਹਦਿਆਂ ਹੀ ਸੈਂਕੜੇ ਵਾਹਨ ਚਾਲਕਾਂ ਨੇ ਕਿਸਾਨੀ ਸੰਘਰਸ਼ ਦੇ ਹਮਾਇਤ ’ਚ ਹਾਰਨ ਵਜਾਏ। ਅੰਬਾਲਾ ਸ਼ਹਿਰ ਤੋਂ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਤ ਸਕੱਤਰ ਐਡਵੋਕੇਟ ਰੋਹਿਤ ਜੈਨ ਵੀ ਚੱਕਾ ਜਾਮ ਵਿੱਚ ਸ਼ਾਮਲ ਹੋਏ। ਦੂਜੇ ਪਾਸੇ ਕੜਾਸਣ ਵਿੱਚ ਕਿਸਾਨਾਂ ਨੇ ਯਮੁਨਾਨਗਰ-ਪੰਚਕੂਲਾ ਸੜਕ ਜਾਮ ਕਰ ਦਿੱਤੀ, ਇੱਥੇ ਵੀ ਸਿਰਫ਼ ਐਂਬੂਲੈਂਸ ਨੂੰ ਰਸਤਾ ਦਿੱਤਾ ਗਿਆ। ਇਥੇ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਜਾਮ ਵਿਚ ਹਿੱਸਾ ਲਿਆ। ਪੁਲੀਸ ਨੇ ਧਰਨਾ ਸਥਾਨ ਤੋਂ ਇਕ-ਇਕ ਕਿਲੋਮੀਟਰ ਪਹਿਲਾਂ ਹੀ ਆਵਾਜਾਈ ਰੁਕਵਾ ਦਿੱਤੀ ਸੀ।