ਰੂਪਨਗਰ (ਬਹਾਦਰਜੀਤ ਸਿੰਘ): ਬਾਹਰੀ ਸੂਬਿਆਂ ਤੋਂ ਪੰਜਾਬ ਵਿੱਚ ਕਣਕ ਲਿਆਉਣ ਵਿਰੁੱਧ ਵਿੱਚ ਕਿਸਾਨਾਂ ਨੇ ਅੱਜ ਰੂਪਨਗਰ ਨੇੜੇ ਪਿੰਡ ਸੋਲਖੀਆਂ ਵਿਖੇ ਰੂਪਨਗਰ-ਚੰਡੀਗੜ੍ਹ ਸੜਕ ’ਤੇ ਟਰੈਫਿਕ ਜਾਮ ਕੀਤਾ। ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਪਿੰਡ ਸੋਲਖੀਆਂ ਵਿੱਚ ਚਲ ਰਹੀ ਇੱਕ ਆਟਾ ਮਿੱਲ ਵਿੱਚ ਕਣਕ ਨਾਲ ਭਰੇ 40 ਟਰਾਲੇ ਆਏ ਸਨ। ਕਿਸਾਨਾਂ ਨੂੰ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਇਹ ਟਰਾਲੇ ਘੇਰ ਲਏ ਅਤੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲੀਸ ਸਮੇਤ ਤਹਿਸੀਲਦਾਰ ਅਤੇ ਮੰਡੀ ਬੋਰਡ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪ੍ਰਸ਼ਾਸਨਿਕ ਅਧਿਕਾਰਿਆਂ ਨੇ ਸਵੇਰੇ ਜਾਂਚ ਕਰ ਕੇ ਕਾਰਵਾਈ ਦਾ ਭਰੋਸਾ ਦਿੱਤਾ, ਪਰ ਕਿਸਾਨਾਂ ਨੇ ਅੱਜ ਸਵੇਰੇ ਮੁੜ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਮਸਲਾ ਹੱਲ ਨਾ ਹੁੰਦਾ ਦੇਖ ਕਿਸਾਨਾਂਂ ਨੇ ਰੂਪਨਗਰ-ਚੰਡੀਗੜ੍ਹ ਸੜਕ ਨੂੰ ਜਾਮ ਕਰ ਦਿੱਤਾ। ਕਿਸਾਨਾਂ ਵੱਲੋਂ ਲਗਪਗ ਦੋ ਘੰਟੇ ਸੜਕ ’ਤੇ ਮੁਜ਼ਾਹਰਾ ਕੀਤਾ ਗਿਆ। ਸਥਾਨਕ ਪੁਲੀਸ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਆਟਾ ਮਿੱਲ ਅਤੇ ਕਿਸਾਨਾਂ ਦਰਮਿਆਨ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਇਸ ਗੱਲ ’ਤੇ ਅੜੇ ਰਹੇ ਕਿ ਆਟਾ ਮਿੱਲ ਮਾਲਕ ਦੂਜੇ ਸੂਬਿਆਂ ਤੋਂ ਕਣਕ ਮੰਗਵਾਉਣ ਦੀ ਥਾਂ ਸਥਾਨਕ ਮੰਡੀ ’ਚੋਂ ਕਣਕ ਖਰੀਦਣ। ਕਿਸਾਨ ਆਗੂ ਗੁਰਮੇਲ ਸਿੰਘ ਬਾੜਾ ਨੇ ਕਿਹਾ ਕਿ ਬਾਹਰੀ ਸੂਬਿਆਂ ਤੋਂ ਕਣਕ ਮੰਗਵਾ ਕੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਆਟਾ ਮਿੱਲ ਮਾਲਕ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ। ਮੁਜ਼ਾਹਰੇ ਦੌਰਾਨ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਪਹੁੰਚੇ ਤੇ ਉਨ੍ਹਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਾਰਾ ਕੰਮ ਚੱਲਣ ਦੀ ਗੱਲ ਆਖੀ। ਦੋ ਘੰਟੇ ਦੀ ਕਸ਼ਮਕਸ਼ ਮਗਰੋਂ ਪੁਲੀਸ ਅਤੇ ਜ਼ਿਲ੍ਹਾ ਮੰਡੀ ਬੋਰਡ ਦੇ ਅਧਿਕਾਰੀ ਕਿਸਾਨਾਂ ਅਤੇ ਆਟਾ ਮਿੱਲ ਦਰਮਿਆਨ ਸਮਝੌਤਾ ਕਰਵਾਉਣ ਵਿੱਚ ਕਾਮਯਾਬ ਰਹੇ। ਕਿਸਾਨ ਆਗੂ ਗੁਰਮੇਲ ਸਿੰਘ ਬਾੜਾਂ ਅਤੇ ਜੱਟ ਮਹਾਂ ਸਭਾ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਦੱਸਿਆ ਕਿ ਸਮਝੌਤੇ ਮੁਤਾਬਕ ਅੱਗੇ ਤੋਂ ਆਟਾ ਮਿੱਲ ਸਥਾਨਕ ਮੰਡੀਆਂ ’ਚੋਂ ਹੀ ਕਣਕ ਦੀ ਖਰੀਦ ਕਰੇਗੀ ਅਤੇ ਕਣਕ ਦੇ ਭਰੇ ਟਰਾਲੇ ਬਿਨਾਂ ਖਾਲੀ ਕੀਤੇ ਹੀ ਵਾਪਸ ਜਾਣਗੇ। ਇਸ ਦੌਰਾਨ ਆਟਾ ਮਿੱਲ ਨੇ ਕਿਸਾਨੀ ਸੰਘਰਸ਼ ਲਈ ਢਾਈ ਲੱਖ ਰੁਪਏ ਦਾ ਸਾਮਾਨ ਦੇਣ ਦੀ ਗੱਲ ਵੀ ਕਹੀ। ਇਸ ਮਗਰੋਂ ਕਿਸਾਨਾਂ ਨੇ ਸੜਕ ’ਤੇ ਲਗਾਇਆ ਜਾਮ ਖਤਮ ਕਰ ਦਿੱਤਾ।