ਦਵਿੰਦਰ ਪਾਲ
ਚੰਡੀਗੜ੍ਹ, 16 ਅਕਤੂਬਰ
ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਉਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ’ਤੇ ਜਾਰੀ ਧਰਨਿਆਂ ਸਮੇਤ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਅੱਜ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਅਜੈ ਮਿਸ਼ਰਾ ਤੇ ਪੂੰਜੀਪਤੀ ਘਰਾਣਿਆਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਸਮੇਤ ਵਾਲਮਾਰਟ ਦੇ ਪੁਤਲੇ ਫੂਕੇ। ਇਨ੍ਹਾਂ ਪੁਤਲਿਆਂ ਨੂੰ ਜ਼ਿਆਦਾਤਰ ਥਾਵਾਂ ’ਤੇ ਕਿਸਾਨ ਬੀਬੀਆਂ ਨੇ ਅਗਨ ਭੇਟ ਕੀਤਾ ਗਿਆ। ਸੰਯੁਕਤ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਆਰਡੀਨੈਂਸ ਖ਼ਿਲਾਫ਼ 32 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ ਅੱਜ ਕੇਂਦਰ ਸਰਕਾਰ ਅਤੇ ਪੂੰਜੀਪਤੀ ਘਰਾਣਿਆਂ ਦੇ ਸਮੁੱਚੇ ਪੰਜਾਬ ਵਿੱਚ ਭਰਵੀਂ ਗਿਣਤੀ ਵਿੱਚ ਲੋਕਾਂ ਨੇ ਰੋਹ ਭਰਪੂਰ ਮਾਰਚ ਕਰ ਕੇ ਪੁਤਲੇ ਫੂਕੇ ਅਤੇ ਜੰਮ ਕੇ ਨਾਅਰੇਬਾਜ਼ੀ ਕਰਨ ਦੇ ਨਾਲ ਸਾਂਝੇ ਪੁਤਲਿਆਂ ਦੀ ਖੂਬ ਛਿੱਤਰ-ਪਰੇਡ ਕੀਤੀ। ਉਨ੍ਹਾਂ ਦੱਸਿਆ ਕਿ ਬਹੁਤ ਥਾਵਾਂ ’ਤੇ ਔਰਤਾਂ ਨੇ ਮੋਦੀ ਹਕੂਮਤ ਨੂੰ ਵੈਣਾਂ ਰਾਹੀਂ ਵੰਗਾਰਿਆ। ਇਸੇ ਦੌਰਾਨ ਸੰਘਰਸ਼ੀ ਅਖਾੜਿਆਂ ਤੋਂ ਅੱਜ ਪੰਜਾਬ ਦੇ ਲੋਕ ਨਾਇਕ ਅਤੇ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ ਮਨਾਇਆ ਗਿਆ। ਬੁਲਾਰਿਆਂ ਨੇ ਉਸ ਮਹਾਨ ਸ਼ਖ਼ਸੀਅਤ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ।
ਰੇਲ ਰੋਕੋ ਅੰਦੋਲਨ ਦੀਆਂ ਤਿਆਰੀਆਂ ਜ਼ੋਰਾਂ ’ਤੇ
ਬੁਲਾਰਿਆਂ ਨੇ ਦੱਸਿਆ ਕਿ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਅਨੁਸਾਰ ਨਾ ਤਾਂ ਅਜੇ ਤੱਕ ਬਰਖਾਸਤ ਕੀਤਾ ਹੈ ਅਤੇ ਨਾ ਹੀ ਗ੍ਰਿਫ਼ਤਾਰ ਕੀਤਾ ਹੈ। ਇਸ ਲਈ ਮੋਰਚੇ ਨੇ 18 ਅਕਤੂਬਰ ਨੂੰ ਦੇਸ਼ ਭਰ ਵਿੱਚ ਰੇਲਾਂ ਰੋਕਣ ਦੇ ਸੱਦੇ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਉਸ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਸਬੰਧੀ ਵੱਖ ਵੱਖ ਰੇਲਵੇ ਲਾਈਨਾਂ ’ਤੇ ਕਿਸਾਨ ਕਾਰਕੁਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।