ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਜੂਨ
ਗੰਨੇ ਦੀ ਫਸਲ ਦੀ ਅਦਾਇਗੀ ਨਾ ਹੋਣ ਤੋਂ ਖਫ਼ਾ ਗੰਨਾ ਸੰਘਰਸ਼ ਕਮੇਟੀ ਦੇ ਕਿਸਾਨਾਂ ਵੱਲੋਂ ਹਲਕਾ ਧੂਰੀ ਅਧੀਨ ਪੈਂਦੇ ਪਿੰਡ ਖੇੜੀ ਜੱਟਾਂ ਵਿਖੇ ਅੱਜ ਦੇਰ ਸ਼ਾਮ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦਾ ਘਿਰਾਓ ਕਰ ਲਿਆ ਅਤੇ ਕਰੀਬ ਡੇਢ ਘੰਟੇ ਤੱਕ ਪਿੰਡ ਦੀ ਇੱਕ ਗਲੀ ’ਚ ਹੀ ਬਿਠਾ ਰੱਖਿਆ। ਕਿਸਾਨਾਂ ਵੱਲੋਂ ਬੀਤੀ 4 ਜੂਨ ਨੂੰ ਹੀ ਮਾਲੇਰਕੋਟਲਾ ਤੋਂ ‘ਆਪ’ ਵਿਧਾਇਕ ਜਮੀਲ-ਉਰ-ਰਹਿਮਾਨ ਦਾ ਸੰਗਰੂਰ ਨੇੜੇ ਘਿਰਾਓ ਕੀਤਾ ਕੀਤਾ ਗਿਆ ਸੀ। ਪਿਛਲੇ ਚਾਰ ਦਿਨਾਂ ਦੌਰਾਨ ਹੀ ਕਿਸਾਨਾਂ ਵੱਲੋਂ ਸੱਤਾਧਾਰੀ ਪਾਰਟੀ ਦੇ ਦੂਜੇ ਵਿਧਾਇਕ ਦਾ ਘਿਰਾਓ ਕੀਤਾ ਹੈ।
ਵਿਧਾਇਕ ਦਾ ਘਿਰਾਓ ਕਰਕੇ ਡਟੇ ਗੰਨਾ ਸੰਘਰਸ਼ ਕਮੇਟੀ ਦੇ ਆਗੂਆਂ ਅਵਤਾਰ ਸਿੰਘ ਭੁੱਲਰਹੇੜੀ, ਹਰਜੀਤ ਸਿੰਘ ਬੁਗਰਾ, ਜਗਮੇਲ ਸਿੰਘ ਉਭਾਵਾਲ, ਪ੍ਰੇਮਜੀਤ ਸਿੰਘ ਭੋਜੋਵਾਲੀ, ਸੁਖਜੀਤ ਸਿੰਘ ਚੌਂਦਾ ਆਦਿ ਨੇ ਦੱਸਿਆ ਕਿ ਖੰਡ ਮਿੱਲਾਂ ਵੱਲ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਕਰੀਬ 12 ਕਰੋੜ 21 ਲੱਖ ਰੁਪਏ ਬਕਾਇਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲ 1 ਕਰੋੜ 79 ਲੱਖ ਰੁਪਏ ਬਕਾਇਆ ਹਨ ਅਤੇ 60 ਲੱਖ ਰੁਪਏ ਪਿਛਲੇ ਸਾਲ ਦੇ ਬਕਾਇਆ ਹਨ। ਕੁੱਲ 14 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਬਕਾਇਆ ਹੈ ਪਰੰਤੂ ਸਰਕਾਰ ਵਲੋਂ ਇਹ ਬਕਾਇਆ ਰਾਸ਼ੀ ਦਿਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਰੋਸ ਵਜੋਂ ਬੀਤੀ 2 ਮਈ ਤੋਂ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਅੱਗੇ ਪੱਕਾ ਰੋਸ ਧਰਨਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਪਿੰਡ ਖੇੜੀ ਜੱਟਾਂ ਵਿਖੇ ਚੋਣ ਪ੍ਰਚਾਰ ਦੇ ਸਬੰਧ ਵਿਚ ਪੁੱਜੇ ਸਨ ਜਿਸ ਮਗਰੋਂ ਕਿਸਾਨਾਂ ਨੇ ਸ਼ਾਮ ਕਰੀਬ ਸਾਢੇ ਛੇ ਵਜੇ ਪਿੰਡ ਖੇੜੀ ਜੱਟਾਂ ਦੀ ਇੱਕ ਗਲੀ ਵਿਚ ਹੀ ਵਿਧਾਇਕ ਦਾ ਘਿਰਾਓ ਕਰ ਲਿਆ ਅਤੇ ਕਰੀਬ ਡੇਢ ਘੰਟੇ ਤੱਕ ਗਲੀ ਵਿਚ ਹੀ ਬਿਠਾ ਰੱਖਿਆ। ਮੌਕੇ ’ਤੇ ਡੀਐਸਪੀ ਧੂਰੀ, ਐਸਐਚਓ ਧੂਰੀ ਅਤੇ ਚੌਕੀ ਇੰਚਾਰਜ ਭਲਵਾਨ ਸਮੇਤ ਪੁਲੀਸ ਫੋਰਸ ਪੁੱਜ ਗਈ ਸੀ। ਇਸ ਮਗਰੋਂ ਪੁਲੀਸ ਵਲੋਂ ਗੰਨਾ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਵਿਧਾਇਕ ਵਿਚਕਾਰ ਮਗਨਰੇਗਾ ਭਵਨ ਵਿਚ ਬੈਠ ਕੇ ਮੀਟਿੰਗ ਕਰਵਾਈ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਉਹ ਭਲਕੇ 8 ਜੂਨ ਨੂੰ ਸਵੇਰੇ ਦਸ ਵਜੇ ਧੂਰੀ ਵਿਖੇ ਚੱਲ ਰਹੇ ਧਰਨੇ ’ਚ ਪੁੱਜਣਗੇ ਅਤੇ ਮਿਲ ਬੈਠ ਕੇ ਗੰਨੇ ਦੀ ਬਕਾਇਆ ਰਾਸ਼ੀ ਦਿਵਾਉਣ ਲਈ ਗੱਲਬਾਤ ਕਰਨਗੇ। ਇਸ ਭਰੋਸੇ ਮਗਰੋਂ ਕਿਸਾਨਾਂ ਨੇ ਦੋ ਘੰਟਿਆਂ ਮਗਰੋਂ ਰਾਤ ਕਰੀਬ ਸਾਢੇ ਅੱਠ ਵਜੇ ਵਿਧਾਇਕ ਦਾ ਘਿਰਾਓ ਖਤਮ ਕੀਤਾ। ਗੰਨਾ ਸੰਘਰਸ਼ ਕਮੇਟੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਵਾਇਆ ਗਿਆ ਤਾਂ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ‘ਆਪ’ ਉਮੀਦਵਾਰ, ਮੰਤਰੀਆਂ ਤੇ ਵਿਧਾਇਕਾਂ ਦਾ ਕਾਲੀਆਂ ਝੰਡੀਆਂ ਨਾਲ ਪਿੰਡਾਂ ਵਿਚ ਘਿਰਾਓ ਕੀਤਾ ਜਾਵੇਗਾ।
ਤਿੰਨ ਕਿਸਾਨ ਮੁੱਖ ਮੰਤਰੀ ਦਫ਼ਤਰ ਦੀ ਟੈਂਕੀ ’ਤੇ ਚੜ੍ਹੇ
sਗੰਨਾ ਸੰਘਰਸ਼ ਕਮੇਟੀ ਅਨੁਸਾਰ ਧੂਰੀ ਵਿਖੇ ਮੁੱਖ ਮੰਤਰੀ ਦਫ਼ਤਰ ਦੀ ਟੈਂਕੀ ਉਪਰ ਤਿੰਨ ਅੰਮ੍ਰਿਤ ਸਿੰਘ ਕਾਤਰੋਂ, ਮਨਜੀਤ ਸਿੰਘ ਬੱਬਨਪੁਰ ਅਤੇ ਜੋਧਾ ਸਿੰਘ ਬੱਬਨਪੁਰ ਵੀ ਚੜ੍ਹ ਗਏ ਹਨ। ਕਰੀਬ 14 ਕਰੋੜ ਤੋਂ ਵੱਧ ਦੀ ਬਕਾਇਆ ਰਕਮ ਨਾ ਮਿਲਣ ਕਾਰਨ ਕਿਸਾਨਾਂ ’ਚ ਰੋਸ ਹੈ। ਬੀਤੀ 4 ਜੂਨ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ’ਚ ਵੀ ਕਿਸਾਨਾਂ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਜਿਸ ਕਾਰਨ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਹੈ।