ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਨਵੰਬਰ
ਇੱਥੇ ਰਾਜਪੁਰਾ ਰੋਡ ’ਤੇ ਸਥਿਤ ਪਿੰਡ ਦੌਣ ਕਲਾਂ ਵਿੱਚ ਅੱਜ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦਾ ਕਿਸਾਨਾਂ ਨੇ ਘਿਰਾਓ ਕੀਤਾ। ਪ੍ਰਨੀਤ ਕੌਰ ਅੱਜ ਪਿੰਡ ਦੇ ਬਾਹਰਲੇ ਪਾਸੇ ਬਣੇ ਸਕੂਲ ਵਿੱਚ ਯਾਦਗਾਰੀ ਗੇਟ ਦਾ ਉਦਘਾਟਨ ਕਰਨ ਆਈ ਸੀ। ਇਸ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਿੱਚ ਕਿਸੇ ਦੇ ਘਰ ਵੀ ਜਾਣਾ ਸੀ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਪਿੰਡ ਵਿਚ ਵੜਨ ਨਾ ਦਿੱਤਾ ਅਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਉਨ੍ਹਾਂ ਦੀ ਗੱਡੀ ਦੇ ਅੱਗੇ ਬੈਠ ਗਏ ਤੇ ਪ੍ਰਨੀਤ ਕੌਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਕਿਸਾਨ ਆਖ ਰਹੇ ਸਨ ਕਿ ਤਿੰਨ ਸਾਲਾਂ ਤੋਂ ਪ੍ਰਨੀਤ ਕੌਰ ਨੇ ਪਿੰਡ ਦੀ ਸਾਰ ਨਹੀਂ ਲਈ। ਪੁਲੀਸ ਨੇ ਵੀ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਬਜ਼ਿੱਦ ਰਹੇ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪਰਨੀਤ ਕੌਰ ਨੂੰ ਆਪਣਾ ਕਾਫ਼ਲਾ ਮੋੜਨਾ ਪਿਆ। ਘਿਰਾਓ ਦੀ ਅਗਵਾਈ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮੱਖਣ ਸਿੰਘ ਦੌਣ ਕਲਾਂ ਕਰ ਰਹੇ ਸਨ।