ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ
ਕੁੱਟਮਾਰ ਤੇ ਜਬਰੀ ਪਿਸ਼ਾਬ ਪਿਆਉਣ ਨਾਲ ਸਬੰਧਤ ਘਟਨਾ ਦੇ ਪੀੜਤ ਦਲਿਤ ਨੌਜਵਾਨ ਨੂੰ ਮਿਲਣ ਲਈ ਪਿੰਡ ਚੱਕ ਮਦਰੱਸਾ ਜਾ ਰਹੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਅੱਜ ਮੁਕਤਸਰ-ਅਬੋਹਰ ਰੋਡ ਉਪਰ ਪਿੰਡ ਮਹਾਂਬੱਧਰ ਲਾਗੇ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਿਆ। ਸਾਂਪਲਾ ਨਾਲ ਇਸ ਮੌਕੇ ਸੁਰੱਖਿਆ ਗਾਰਦ ਵੀ ਮੌਜੂਦ ਸੀ, ਪਰ ਕਿਸਾਨਾਂ ਦੇ ਗੁੱਸੇ ਅੱਗੇ ਪੁਲੀਸ ਵੀ ਬੇਵੱਸ ਨਜ਼ਰ ਆਈ। ਕਿਸਾਨਾਂ ਵੱਲੋਂ ਰਾਹ ਰੋਕਣ ਮਗਰੋਂ ਸਾਂਪਲਾ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਸਾਨ ਧਰਨੇ ਦੇ ਬਰਾਬਰ ਹੀ ਧਰਨਾ ਦਿੱਤਾ। ਆਖਿਰ ਪੁਲੀਸ ਨੇ ਸਖ਼ਤ ਸੁਰੱਖਿਆ ਪਹਿਰੇ ਹੇਠ ਸਾਂਪਲਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਮੁਕਤਸਰ ਤੇ ਫਰੀਦਕੋਟ ਜ਼ਿਲ੍ਹਿਆਂ ਦੀ ਹੱਦ ’ਤੇ ਲਿਜਾ ਕੇ ਛੱਡ ਦਿੱਤਾ।
ਪਿੰਡ ਮਹਾਂਬੱਧਰ ਵਾਸੀ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਨਰਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਧਰਨਾਕਾਰੀ ਕਿਸਾਨਾਂ ਨੂੰ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਵਿਜੈ ਸਾਂਪਲਾ ਦੀ ਫੇਰੀ ਸਬੰਧੀ ਅਗਾਊਂ ਖ਼ਬਰ ਮਿਲ ਗਈ ਸੀ। ਪਿੰਡਾਂ ਵਿੱਚ ਕਰਵਾਈ ਮੁਨਿਆਦੀ ਮਗਰੋਂ ਵੱਡੀ ਗਿਣਤੀ ਕਿਸਾਨ ਬੀਕੇਯੂ ਸਿੱਧੂਪੁਰ ਵੱਲੋਂ ਦਿੱਤੇ ਧਰਨੇ ਵਿੱਚ ਪੁੱਜ ਗਏ। ਧਰਨੇ ਵਿੱਚ ਕਿਸਾਨਾਂ ਨੇ ਸਾਂਪਲਾ ਦੀ ਫੇਰੀ ਨੂੰ ਦਲਿਤ ਪੱਖੀ ਨਹੀਂ ਸਗੋਂ ਕਿਸਾਨ ਵਿਰੋਧੀ ਦੱਸਿਆ। ਉਨ੍ਹਾਂ ਕਿਹਾ ਕਿ ਸਾਂਪਲਾ ਪਿੰਡਾਂ ਵਿੱਚ ਜਾ ਕੇ ਕਿਸਾਨ ਜਥੇਬੰਦੀਆਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਰ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਉਧਰ ਭਾਜਪਾ ਆਗੂਆਂ ਨੇ ਕਿਸਾਨ ਧਰਨੇ ਦੇ ਬਰਾਬਰ ਹੀ ਧਰਨਾ ਲਾ ਕੇ ਕਾਂਗਰਸ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਿਜੈ ਸਾਂਪਲਾ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਹਰਮਨ ਬਧਾਈ ਸਣੇ ਕਈ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਦਲਿਤਾਂ ਉਪਰ ਜਬਰ ਵਧਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਦਲਿਤ ਨੌਜਵਾਨ ਨੂੰ ਕੋਈ ਕਾਂਗਰਸੀ ਆਗੂ ਮਿਲਣ ਨਹੀਂ ਗਿਆ ਤੇ ਨਾ ਹੀ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਕੀਤੀ ਗਈ ਹੈ। ਇਸ ਮੌਕੇ ਸਾਂਪਲਾ ਨਾਲ ਭਾਰੀ ਗਿਣਤੀ ਵਿੱਚ ਸੁਰੱਖਿਆ ਗਾਰਦ ਪਹਿਲਾਂ ਹੀ ਮੌਜੂਦ ਸੀ, ਪਰ ਕਿਸਾਨਾਂ ਦੇ ਵਿਰੋਧ ਅੱਗੇ ਪੁਲੀਸ ਵੀ ਬੇਵੱਸ ਨਜ਼ਰ ਆਈ। ਤਣਾਅ ਵਧਦਾ ਦੇਖਦਿਆਂ ਉਪ ਕਪਤਾਨ ਪੁਲੀਸ ਹਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਪੁਲੀਸ ਨੇ ਕਰੀਬ ਦਰਜਨ ਭਰ ਭਾਜਪਾ ਆਗੂਆਂ ਗੋਰਾ ਪਠੇਲਾ, ਅਨੁਰਾਗ ਰਾਹੁਲ, ਕੁਲਦੀਪ ਭੰਗੇਵਾਲਾ, ਜੀਵਨ ਸ਼ਰਮਾ, ਅੰਗਰੇਜ਼ ਉੜਾਂਗ ਨੂੰ ਆਪਣੇ ਵਾਹਨਾਂ ’ਚ ਬਿਠਾ ਕੇ ਮੁਕਤਸਰ ਜ਼ਿਲ੍ਹੇ ਦੀ ਹੱਦ ਤੋਂ ਬਾਹਰ ਕਰ ਕੇ ਫਰੀਦਕੋਟ ਜ਼ਿਲ੍ਹੇ ਵਿੱਚ ਛੱਡ ਦਿੱਤਾ।