ਬਲਵਿੰਦਰ ਰੈਤ
ਨੂਰਪੁਰ ਬੇਦੀ, 24 ਦਸੰਬਰ
ਕਿਰਤੀ ਕਿਸਾਨ ਮੋਰਚਾ ਰੂਪਨਗਰ ਦੇ ਝੰਡੇ ਹੇਠ ਅੱਜ ਇਕੱਠੇ ਹੋਏ ਕਿਸਾਨਾਂ ਨੇ ਬਜਰੂੜ ਵਿੱਚ ਪਹੁੰਚੇ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਲੜਕੇ ਤੇ ਭਾਜਪਾ ਆਗੂ ਅਜੈਵੀਰ ਸਿੰਘ ਲਾਲਪੁਰਾ ਦਾ ਚਾਰ ਘੰਟੇ ਘਿਰਾਓ ਕੀਤਾ। ਸਵੇਰੇ ਕਰੀਬ 11 ਕੁ ਵਜੇ ਜਦੋਂ ਕਿਰਤੀ ਕਿਸਾਨ ਮੋਰਚਾ ਦੇ ਆਗੂਆਂ ਨੂੰ ਅਜੈਵੀਰ ਲਾਲਪੁਰਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੇ ਪਿੰਡ ਬਜਰੂੜ ਪਹੁੰਚਣ ਦਾ ਪਤਾ ਲੱਗਾ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਘਿਰਾਓ ਕਰ ਲਿਆ। ਮੋਰਚੇ ਦੇ ਪ੍ਰਧਾਨ ਵੀਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਆਖਿਆ ਕਿ ਹਾਲੇ ਲਖੀਮਪੁਰ ਖੀਰੀ ਦੀ ਘਟਨਾ ’ਚ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਦੋਂ ਤਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਭਾਜਪਾਈਆਂ ਦਾ ਵਿਰੋਧ ਜਾਰੀ ਰਹੇਗਾ। ਕਾਫ਼ੀ ਮੁਸ਼ੱਕਤ ਮਗਰੋਂ ਪੁਲੀਸ ਨੇ ਮਸਲਾ ਸੁਲਝਾਇਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਟਵਾਲ ਨੇ ਆਖਿਆ ਕਿ ਇਹ ਪਾਰਟੀ ਦੇ ਬੂਥ ਪ੍ਰਧਾਨਾਂ ਦੀ ਮੀਟਿੰਗ ਸੀ। ਅੱਜ ਦੇ ਵਿਰੋਧ ਪ੍ਰਦਰਸ਼ਨ ’ਚ ‘ਆਪ’ ਅਤੇ ਕਾਂਗਰਸ ਦੇ ਵਰਕਰ ਸ਼ਾਮਲ ਸਨ, ਜੋ ਕਿਸਾਨਾਂ ਅਤੇ ਭਾਜਪਾ ਦਾ ਰਿਸ਼ਤਾ ਖਰਾਬ ਕਰਨ ਦੀ ਸਾਜਿਸ਼ ਘੜ ਰਹੇ ਹਨ।