ਦਵਿੰਦਰ ਪਾਲ
ਚੰਡੀਗੜ੍ਹ, 4 ਅਗਸਤ
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨ ਬੁਲਾਰਿਆਂ ਨੇ ਚੋਣਾਂ ਨੇੜੇ ਆਉਣ ’ਤੇ ਗਿਰਗਟ ਵਾਂਗ ਰੰਗ ਬਦਲਣ ਵਾਲੇ ਸਿਆਸਤਦਾਨਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ। ਸੂਬੇ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਟਿਕਾਣਿਆਂ ਅਤੇ ਪੈਟਰੋਲ ਪੰਪਾਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਨੇੜੇ ਚੋਣਾਂ ਹੁੰਦੀਆਂ ਹਨ ਤਾਂ ਸਿਆਸੀ ਪਾਰਟੀਆਂ ਲੋਕਾਂ ਨੂੰ ਵਰਗਲਾਉਣ ਲਈ ਝੂਠ ਤੇ ਫਰੇਬ ਦਾ ਸਹਾਰਾ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ 5 ਸੂਬਿਆਂ ਦੀਆਂ ਚੋਣਾਂ ਸਿਰ ’ਤੇ ਹਨ, ਇਸ ਲਈ ਸਿਆਸੀ ਪਾਰਟੀਆਂ ਨੇ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸੰਘਰਸ਼ੀ ਅਖਾੜਿਆਂ ’ਚ ਬਿਜਲੀ ਸੋਧ ਬਿੱਲ ਬਾਰੇ ਗੱਲ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਬਿੱਲ ਨੂੰ ਕਾਨੂੰਨ ਦਾ ਰੂਪ ਦੇਣਾ ਚਾਹੁੰਦੀ ਹੈ, ਜਦੋਂਕਿ ਕਿਸਾਨਾਂ ਨਾਲ ਹੋਈ ਗੱਲਬਾਤ ਦੌਰਾਨ ਅਜਿਹਾ ਨਾ ਕਰਨ ਦਾ ਵਾਅਦਾ ਕਰ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਇਸ ਬਿੱਲ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ।
ਕਿਸਾਨਾਂ ਨੂੰ ਨੋਟਿਸ ਭੇਜਣ ਲਈ ਚੰਡੀਗੜ੍ਹ ਪੁਲੀਸ ਦੀ ਨਿਖੇਧੀ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਲੀਗਲ ਪੈਨਲ ਦੇ ਕਨਵੀਨਰ ਪਰੇਮ ਸਿੰਘ ਭੰਗੂ ਨੇ ਚੰਡੀਗੜ੍ਹ ਪੁਲੀਸ ਵੱਲੋਂ 26 ਜੂਨ ਨੂੰ ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੀਤੀਆਂ ਗਈਆਂ ਐੱਫਆਈਆਰਜ਼ ਸਬੰਧੀ ਕਿਸਾਨਾਂ ਨੂੰ ਨੋਟਿਸ ਭੇਜਣ ਦੀ ਸਖਤ ਨਿਖੇਧੀ ਕੀਤੀ ਹੈ। ਆਗੂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਹੈ ਕਿ ਉਹ ਅਜਿਹੇ ਨੋਟਿਸ ਜਾਰੀ ਕਰਕੇ ਸਥਿਤੀ ਨਾ ਭੜਕਾਵੇ। ਉਨ੍ਹਾਂ ਕਿਸਾਨਾਂ ਨੂੰ ਸਪੱਸ਼ਟ ਕਿਹਾ ਕਿ ਉਹ ਜਾਂਚ ਪੜਤਾਲ ਲਈ ਪੁਲੀਸ ਕੋਲ ਹਾਜ਼ਰ ਨਾ ਹੋਣ। ਆਗੂ ਨੇ ਕਿਹਾ ਕਿ ਪੁਲੀਸ ਦੀ ਮਨਸ਼ਾ ਪੜਤਾਲ ਬਹਾਨੇ ਿਸਾਨਾਂ ਨੂੰ ਕੇਸਾਂ ਵਿੱਚ ਫਸਾਉਣ ਦੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਇਹ ਨੋਟਿਸ ਜਾਰੀ ਕਰਨੇ ਤੁਰੰਤ ਬੰਦ ਕੀਤੇ ਜਾਣ ਨਹੀਂ ਤਾਂ ਸੰਯੁਕਤ ਮੋਰਚਾ ਇਸ ਖ਼ਿਲਾਫ਼ ਸਖਤ ਕਾਰਵਾਈ ਕਰੇਗਾ।