ਪੱਤਰ ਪ੍ਰੇਰਕ
ਜ਼ੀਰਾ, 1 ਸਤੰਬਰ
ਪਿੰਡ ਮਨਸੂਰਵਾਲ ਕਲਾਂ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਫੈਕਟਰੀ ਦੇ ਮੁੱਖ ਗੇਟ ਅੱਗੇ ਧਰਨਾ ਅੱਜ 40ਵੇਂ ਦਿਨ ਵੀ ਜਾਰੀ ਰਿਹਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇਲਾਕੇ ਦੇ ਇਕ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਪਾਣੀ ਦਾ ਬੋਰ ਕੀਤਾ ਗਿਆ ਸੀ, ਜਿਸ ਵਿੱਚੋਂ ਪਿੰਡ ਵਾਸੀਆਂ ਨੇ ਦੂਸ਼ਿਤ ਪਾਣੀ ਨਿਕਲਣ ਦੇ ਦੋਸ਼ ਲਾਏ ਸਨ। ਧਰਨੇ ਦੀ ਹਮਾਇਤ ’ਚ ਅੱਜ ‘ਵਾਰਿਸ ਪੰਜਾਬ ਦੇ’ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ, ਨਿਹੰਗ ਸਿੰਘ ਭੁੱਟੋ ਬਰਾੜ, ਗੁਰਮੀਤ ਸਿੰਘ ਬੁੱਕਣ ਵਾਲਾ, ਇਤਿਹਾਸਕਾਰ ਦਵਿੰਦਰ ਸਿੰਘ ਸੇਖੋਂ, ਬਸੰਤ ਸਿੰਘ ਦੌਲਤਪੁਰਾ ਆਦਿ ਨੇ ਸ਼ਿਰਕਤ ਕੀਤੀ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਫੈਕਟਰੀਆਂ ਵੱਲੋਂ ਪੰਜਾਬ ਦੇ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਗਿਆ ਹੈ ਤੇ ਇਹ ਪਾਣੀ ਪੀਣਯੋਗ ਨਹੀਂ, ਇਹ ਪਾਣੀ ਫ਼ਸਲਾਂ ਲਈ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸ਼ਰਾਬ ਫੈਕਟਰੀ ਬੰਦ ਹੋਣੀ ਚਾਹੀਦੀ ਹੈ। ਜੇ ਪਾਣੀ ਇਸੇ ਤਰ੍ਹਾਂ ਗੰਧਲਾ ਹੁੰਦਾ ਗਿਆ ਤਾਂ ਬੱਚੇ ਮੰਦਬੁੱਧੀ ਪੈਦਾ ਹੋਣਗੇ ਤੇ ਹਸਪਤਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਆਦਿ ਦੇ ਮਰੀਜ਼ਾਂ ਨਾਲ ਭਰ ਜਾਣਗੇ।
ਬੁਲਾਰਿਆਂ ਨੇ ਕਿਹਾ ਕਿ ਸੂਬੇ ਵਿੱਚ ਸਨਅਤਾਂ ਲਾ ਕੇ ਅਖੌਤੀ ਵਿਕਾਸ ਕਰਨ ਵਾਲੇ ਸਰਮਾਏਦਾਰਾਂ ਤੋਂ ਸੂਬੇ ਦੀ ਹਵਾ ਅਤੇ ਪਾਣੀ ਨੂੰ ਖਤਰਾ ਹੈ। ਔਰਤਾਂ ਦੇ ਵੱਡੇ ਇਕੱਠ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਔਰਤਾਂ ਤੋਂ ਬਿਨਾਂ ਕੋਈ ਵੀ ਸੰਘਰਸ਼ ਨਹੀਂ ਜਿੱਤਿਆ ਜਾ ਸਕਦਾ। ਕਿਸਾਨ ਆਗੂ ਰੋਮਨ ਬਰਾੜ ਮਹੀਆਂ ਵਾਲਾ ਨੇ ਕਿਹਾ ਕਿ ਅੱਜ ਧਰਨਾ 40ਵੇਂ ਦਿਨ ਵਿਚ ਪਹੁੰਚ ਚੁੱਕਾ ਹੈ, ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ।
ਇਸ ਮੌਕੇ ਬਸੰਤ ਸਿੰਘ ਦੌਲਤਪੁਰਾ, ਜਗਦੀਸ਼ ਸਿੰਘ ਚੱਬਾ, ਜਗਰਾਜ ਸਿੰਘ ਫੇਰੋਕੇ, ਬਲਰਾਜ ਸਿੰਘ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ, ਸਟੇਜ ਸਕੱਤਰ ਗੁਰਜੰਟ ਸਿੰਘ, ਫਤਿਹ ਸਿੰਘ ਢਿੱਲੋਂ ਰਟੌਲ ਰੋਹੀ, ਹਰਪ੍ਰੀਤ ਸਿੰਘ ਲੌਂਗੋਦੇਵਾ, ਜਗਤਾਰ ਸਿੰਘ ਲੌਂਗੋਦੇਵਾ, ਐਡਵੋਕੇਟ ਕੁਲਦੀਪ ਸਿੰਘ ਢਿੱਲੋਂ ਮੱਲੇਸ਼ਾਹ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਬਲਦੇਵ ਸਿੰਘ ਜ਼ੀਰਾ ਮੌਜੂਦ ਸਨ।