ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 30 ਅਗਸਤ
ਨਰਮਾ ਖਰਾਬੀ ਦਾ ਮੁਆਵਜ਼ਾ ਲੈਣ ਲਈ ਮੁਕਤਸਰ ਵਿੱਚ ਚੱਲ ਰਹੇ ਧਰਨੇ ਦੌਰਾਨ ਲੰਘੇ ਦਿਨ ਪਿੰਡ ਰਾਏ ਕੇ ਕਲਾਂ (ਬਠਿੰਡਾ) ਦੇ ਕਿਸਾਨ ਬਲਵਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਬਖਸ਼ਿੰਦਰ ਸਿੰਘ ਵਾਸੀ ਰਾਏ ਕੇ ਕਲਾਂ ਖ਼ਿਲਾਫ਼ ਇੱਥੇ ਪੁਲੀਸ ਵੱਲੋਂ ਅੱਜ ਥਾਣਾ ਸਦਰ ਵਿੱਚ ਧਾਰਾ 306 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਬਖਸ਼ਿੰਦਰ ਸਿੰਘ, ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਐੱਸਪੀ ਜਗਦੀਸ਼ ਸਿੰਘ ਭੋਲਾ ਦਾ ਪਿਤਾ ਹੈ| ਬਲਵਿੰਦਰ ਸਿੰਘ ਨੇ ਬਖਸ਼ਿੰਦਰ ਸਿੰਘ ਕੋਲੋਂ ਕਰਜ਼ਾ ਲਿਆ ਸੀ ਅਤੇ ਕਰੀਬ ਸਾਢੇ ਚਾਰ ਸਾਲ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਸਾਢੇ 8 ਲੱਖ ਰੁਪਏ ਵਿੱਚ ਬਲਵਿੰਦਰ ਸਿੰਘ ਤੇ ਬਖ਼ਸ਼ਿੰਦਰ ਸਿੰਘ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਸੀ। ਇਸ ਦੌਰਾਨ ਬਖ਼ਸ਼ਿੰਦਰ ਸਿੰਘ ਨੇ ਕਿਹਾ ਸੀ ਕਿ ਉਸ ਦਾ ਬਲਵਿੰਦਰ ਸਿੰਘ ਨਾਲ ਸਾਰਾ ਹਿਸਾਬ ਕਲੀਅਰ ਹੋ ਗਿਆ ਹੈ| ਇਸ ਤੋਂ ਤਿੰਨ ਕੁ ਮਹੀਨੇ ਬਾਅਦ ਹੀ ਬਖ਼ਸ਼ਿੰਦਰ ਸਿੰਘ ਨੇ ਸਵਾ ਲੱਖ ਰੁਪਏ ਦੇ ਇਕ ਹੋਰ ਪਰਨੋਟ ਦਾ ਕੇਸ ਬਲਵਿੰਦਰ ਸਿੰਘ ਖ਼ਿਲਾਫ਼ ਕਰ ਦਿੱਤਾ। ਇਸ ਸਬੰਧੀ ਹੁਣ ਬਠਿੰਡਾ ਅਦਾਲਤ ਨੇ 3 ਸਤੰਬਰ ਵਾਸਤੇ 4 ਕਨਾਲ ਜ਼ਮੀਨ ਦੀ ਕੁਰਕੀ ਦੇ ਹੁਕਮ ਜਾਰੀ ਕਰ ਦਿੱਤੇ ਸੀ ਜਿਸ ਦੇ ਸਦਮੇ ਵਿੱਚ ਹੀ ਬਲਵਿੰਦਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ|
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ, ਜ਼ਿਲ੍ਹਾ ਮੁਕਤਸਰ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਮਾਸਟਰ ਗੁਰਾਂਦਿੱਤਾ ਸਿੰਘ ਭਾਗਸਰ, ਬਿੱਟੂ ਮੱਲਣ, ਮਲਕੀਤ ਗੱਗੜ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਇਹ ਕੇਸ ਮ੍ਰਿਤਕ ਬਲਵਿੰਦਰ ਸਿੰਘ ਦੇ ਪੁੱਤਰ ਗੁਰਤੇਜ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਕੀਤੇ ਸੰਘਰਸ਼ ਦੇ ਚੱਲਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਵੱਲੋਂ ਪੀੜਤ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ| ਇਸ ਦੇ ਨਾਲ ਹੀ ਆਗੂਆਂ ਨੇ ਮੰਗ ਕੀਤੀ ਹੈ ਕਿ ਬਖਸ਼ਿੰਦਰ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਦੇ ਚੁੰਗਲ ਵਿੱਚ ਫਸੇ ਹੋਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਚਾਇਆ ਜਾਵੇ |