ਨਿੱਜੀ ਪੱਤਰ ਪ੍ਰੇਰਕ
ਨਾਭਾ, 17 ਮਈ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਦਾ ਸਿੱਧੀ ਬਿਜਾਈ ’ਤੇ ਜ਼ੋਰ ਦੇਣਾ ਕੇਵਲ ਇਹ ਦਿਖਾਵਾ ਹੈ ਕਿ ਪਾਣੀ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਇਹ ਕਦਮ ਪੂਰੀ ਤਰ੍ਹਾਂ ਸਫ਼ਲ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਸਬੰਧੀ ਢੁੱਕਵੀਂ ਵਿਉਂਤਬੰਦੀ ਤੋਂ ਸੱਖਣੀਆਂ ਨੀਤੀਆਂ ਹਕੀਕਤਾਂ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਇਸ ਅਗੇਤੀ ਬਿਜਾਈ ਨੂੰ ਵੱਧ ਪਾਣੀ ਲਾਉਣ ਦੀ ਲੋੜ ਪੈਂਦੀ ਹੈ ਤੇ ਇਸ ਵਿੱਚ ਨਦੀਨਾਂ ਦੀ ਸਮੱਸਿਆ ਵੱਧ ਹੋਣ ਕਾਰਨ ਨਦੀਨਨਾਸ਼ਕਾਂ ਦੀ ਵੱਧ ਵਰਤੋਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਰਿਪੇਰੀਅਨ ਸਿਧਾਂਤ ਦਾ ਹਵਾਲਾ ਦੇ ਕੇ ਸੁਪਰੀਮ ਕੋਰਟ ਨੇ ਰਾਜਸਥਾਨ ਨੂੰ ਨਰਮਦਾ ਨਦੀ ਵਿੱਚੋਂ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਪੰਜਾਬ ਦੇ ਪਾਣੀਆਂ ਦੇ ਸਮੇਂ ਧੱਕੇਸ਼ਾਹੀ ਤੋਂ ਇਲਾਵਾ ਕੋਈ ਸਿਧਾਂਤ ਲਾਗੂ ਨਹੀਂ ਹੁੰਦਾ।