ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਮਾਰਚ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਬੀਤੇ ਦਿਨ ਪੇਸ਼ ਕੀਤੇ ਬਜਟ ਸਬੰਧੀ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਤਿੱਖੀ ਟਿੱਪਣੀ ਕਰਦਿਆਂ ਇਸ ਨੂੰ ਕਿਸਾਨਾਂ ਲਈ ਬੇਹੱਦ ਮਾਰੂ ਤੇ ਧੋਖੇ ਭਰਿਆ ਬਜਟ ਕਰਾਰ ਦਿੱਤਾ ਹੈ।
ਦੋਵੇਂ ਆਗੂਆਂ ਕਿਹਾ ਕਿ 2017 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਇਹ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਨਾਲ ‘ਕਰਜ਼ਾ ਕੁਰਕੀ ਖਤਮ-ਫਸਲਾਂ ਦੀ ਪੂਰੀ ਰਕਮ’ ਦੇ ਨਾਅਰੇ ਹੇਠ ਸੱਤਾ ’ਚ ਆਈ ਸੀ ਪਰ ਚੋਣਾਂ ਜਿੱਤਦਿਆਂ ਹੀ ਕਾਂਗਰਸ ਸਰਕਾਰ ਨੇ ਵਾਅਦੇ ਤੋਂ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸੂਈ ਤਿਲਕ ਕੇ ਪੰਜ ਏਕੜ ਵਾਲੇ ਕਿਸਾਨਾਂ ’ਤੇ ਆ ਟਿਕੀ।
ਕਿਸਾਨਾਂ ਸਿਰ ਚੜ੍ਹਿਆ ਇੱਕ ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਮੁਆਫ਼ੀ ਲਈ 9800 ਕਰੋੜ ਰੱਖੇ ਗਏ ਜੋ ਕੁੱਲ ਕਰਜ਼ੇ ਦਾ 10 ਫੀਸਦ ਬਣਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਰਜ਼ਾ ਮੁਆਫ਼ ਕਰਨ ਲਈ 2000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ ਜੋ ਹੁਣ ਘੱਟ ਕੇ 1186 ਕਰੋੜ ਰੁਪਏ ਰਹਿ ਗਿਆ ਹੈ। ਸਰਕਾਰ ਨੇ ਗ਼ੈਰ ਜਥੇਬੰਦਕ (ਪ੍ਰਾਈਵੇਟ) ਅਦਾਰਿਆਂ ਦੇ ਕਰਜ਼ੇ ਬਾਰੇ ਹੁਣ ਘੇਸਲ ਹੀ ਮਾਰ ਲਈ ਹੈ। ਪਿਛਲੇ ਸਾਲ ਇਸੇ ਸਰਕਾਰ ਨੇ ਬਜਟ ਵਿੱਚ ਬਿਨਾਂ ਧੇਲਾ ਰੱਖਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਦਲੇ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਬਜਟ ’ਚੋਂ ਇਹ ਵਾਅਦਾ ਵੀ ਗਾਇਬ ਹੋ ਗਿਆ ਹੈ।