ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜਨਵਰੀ
ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦੋ ਮਹੀਨਿਆਂ ਤੋਂ ਲਗਾਤਾਰ ਮੋਰਚੇ ਉਪਰ ਡਟੇ ਕਿਸਾਨਾਂ ਅਤੇ ਯੂਨੀਅਨ ਆਗੂਆਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਕਿਸਾਨ ਮੋਰਚਿਆਂ ਤੋਂ ਸ਼ੱਕੀਆਂ ਨੂੰ ਫੜ ਕੇ ਸੋਨੀਪਤ ਜ਼ਿਲ੍ਹੇ ਦੀ ਪੁਲੀਸ ਨੂੰ ਸੌਂਪਣ ਦੇ ਮਾਮਲੇ ਨਿਰਪੱਖਤਾ ਨਾਲ ਜਾਂਚੇ ਜਾਣਗੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬੀਤੇ ਦਿਨ ਇੱਕ ਟਰੱਕ ਪੁਲੀਸ ਵਰਦੀਆਂ ਦਾ ਸੌਂਪਣ ਦੇ ਮਾਮਲੇ ’ਤੇ ਪੁਲੀਸ ਦੀ ਕਾਰਗੁਜ਼ਾਰੀ ਉਪਰ ਸਵਾਲ ਉਠਾਏ ਸਨ। ਕਿਸਾਨ ਯੂਨੀਅਨਾਂ ਦਾ ਸਾਥ ਦੇ ਰਹੇ ਬਲਦੇਵ ਸਿੰਘ ਸਿਰਸਾ ਵੱਲੋਂ ਕਈ ਸ਼ੱਕੀਆਂ ਨੂੰ ਪੁਲੀਸ ਦੇ ਹਵਾਲੇ ਕੀਤਾ ਗਿਆ ਸੀ ਪਰ ਉਹ ਵੀ ਸ਼ੰਕੇ ਜ਼ਾਹਰ ਕਰ ਚੁੱਕੇ ਹਨ ਕਿ ਕੁੰਡਲੀ ਪੁਲੀਸ ਵੱਲੋਂ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। 26 ਜਨਵਰੀ ਦੀ ਕਿਸਾਨ ਟਰੈਕਟਰ ਰੈਲੀ ਤੋਂ ਪਹਿਲਾਂ ਕਿਸਾਨਾਂ ਵੱਲੋਂ ਮੀਡੀਆ ਅੱਗੇ ਪੇਸ਼ ਕੀਤੇ ਨੌਜਵਾਨ ਖ਼ਿਲਾਫ਼ ਵੀ ਕਾਰਵਾਈ ਦੀ ਰਫ਼ਤਾਰ ਤੋਂ ਸ੍ਰੀ ਸਿਰਸਾ ਖਫ਼ਾ ਹਨ। ਉਨ੍ਹਾਂ ਕਿਹਾ ਕਿ ਦੋ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਕੁੰਡਲੀ ਪੁਲੀਸ ਦੇ ਹਵਾਲੇ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਚਾਰ ਕਿਸਾਨਾਂ ਉਪਰ ਗੋਲੀਆਂ ਚਲਾਉਣ ਬਾਰੇ ਖੁਲਾਸਾ ਕਰਨ ਵਾਲੇ ਨੌਜਵਾਨ ਦੀ ਵੀਡੀਓ ਜਾਰੀ ਕਰਵਾਉਣ ਦੇ ਮਾਮਲੇ ’ਤੇ ਵੀ ਸ਼ੱਕ ਦੀ ਸੂਈ ਪੁਲੀਸ ਵੱਲ ਜਾਂਦੀ ਹੈ। ਇਸੇ ਦੌਰਾਨ ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਮੋਰਚੇ ਦੇ ਵਾਲੰਟੀਅਰ ਚੌਕਸ ਰਹਿੰਦੇ ਹਨ ਅਤੇ ਉਹ ਸ਼ੱਕੀਆਂ ਉਪਰ ਨਜ਼ਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪਰੇਡ ਦੌਰਾਨ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ’ਤੇ ਸਖ਼ਤ ਨਜ਼ਰ ਰੱਖੀ ਜਾਵੇਗੀ।