ਨਵਕਿਰਨ ਸਿੰਘ
ਮਹਿਲ ਕਲਾਂ, 5 ਫਰਵਰੀ
ਸਿੰਘੂ ਹੱਦ ’ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋਏ ਪਿੰਡ ਚੰਨਣਵਾਲ ਦੇ ਕਿਸਾਨ ਆਗੂ ਜਸਮੇਲ ਸਿੰਘ ਉਰਫ ਜੀਆਰ ਦਾ ਸਸਕਾਰ ਅੱਜ ਉਸ ਦੇ ਜੱਦੀ ਪਿੰਡ ਵਿੱਚ ਕਰ ਦਿੱਤਾ ਗਿਆ। ਸਸਕਾਰ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪ ਕੇ ਬਾਕੀ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਕਿਸਾਨ ਆਗੂਆਂ ਵੱਲੋਂ ਇਨਕਲਾਬੀ ਕਾਫਲੇ ਦੇ ਰੂਪ ਵਿੱਚ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ, ਮਨਜੀਤ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਬਲਵੰਤ ਸਿੰਘ ਉੱਪਲੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਰਿੰਦਰ ਸਿੰਘ ਨਾਈਵਾਲਾ, ਬੀਕੇਯੂ (ਕਾਦੀਆਂ) ਦੇ ਜਰਨੈਲ ਸਿੰਘ ਸਹੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਜਸਮੇਲ ਸਿੰਘ ਦੀ ਕੁਰਬਾਨੀ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕ ਲਹਿਰ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ, ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ, ਬਿਜਲੀ ਸੋਧ ਬਿੱਲ ਰੱਦ ਕਰਨ ਅਤੇ ਹੋਰ ਮੰਗਾਂ ਪੂਰੀਆਂ ਕਰਵਾਉਣ ਮਗਰੋਂ ਕਿਸਾਨ ਦਿੱਲੀ ਤੋਂ ਘਰ ਪਰਤਣਗੇ। ਇਸ ਮੌਕੇ ਹਾਜ਼ਰ ਲੋਕਾਂ ਨੇ ਸ਼ਹੀਦ ਨੂੰ ਸਮਰਪਿਤ ਨਾਅਰੇ ਲਾਏ।
ਟਿਕਰੀ ਤੋਂ ਪਰਤੇ ਮਾਣੂੰਕੇ ਦੇ ਕਿਸਾਨ ਦੀ ਮੌਤ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਸਿੰਘ ਰੌਂਤਾ): ਟਿਕਰੀ ਅੰਦੋਲਨ ਦੌਰਾਨ ਸਿਹਤ ਵਿਗੜਨ ਕਾਰਨ ਪਿੰਡ ਪਰਤੇ ਮਾਣੂੰਕੇ ਦੇ ਕਿਸਾਨ ਅੰਗਰੇਜ਼ ਸਿੰਘ(35) ਦੀ ਇਲਾਜ ਦੌਰਾਨ ਮੌਤ ਹੋ ਗਈ। ਅੰਗਰੇਜ਼ ਸਿੰਘ ਬੀਕੇਯੂ ਏਕਤਾ-ਉਗਰਾਹਾਂ ਦੀ ਅਗਵਾਈ ਹੇਠ ਕਰੀਬ ਡੇਢ ਮਹੀਨੇ ਤੋਂ ਦਿੱਲੀ ਦੀ ਟਿਕਰੀ ਹੱਦ ’ਤੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਗਿਆ ਸੀ ਤੇ ਉੱਥੇ ਲੰਗਰ ਵਿੱਚ ਸੇਵਾ ਨਿਭਾਅ ਰਿਹਾ ਸੀ। ਸਿਹਤ ਖਰਾਬ ਹੋਣ ’ਤੇ ਉਸ ਨੂੰ ਮੋਗਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਉਸ ਦੀ ਮੌਤ ਨਮੂਨੀਏ ਅਤੇ ਦਿਲ ਦਾ ਦੌਰਾ ਪੈਣ ਕਾਰਨ ਹੋਈ। ਕਿਸਾਨ ਆਗੂਆਂ ਅਮਰਜੀਤ ਸਿੰਘ ਸੈਦੋਕੇ, ਹਰਮੰਦਰ ਸਿੰਘ ਡੇਮਰੂ, ਸੁਦਾਗਰ ਸਿੰਘ ਖਾਈ, ਚੇਤ ਸਿੰਘ ਮਾਣੂੰਕੇ, ਬੂਟਾ ਸਿੰਘ ਭਾਗੀਕੇ ਤੇ ਇੰਦਰਮੋਹਨ ਪੱਤੋ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ।