ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਨਵੰਬਰ
ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਕਰਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਦੌਰਾਨ ਇਥੇ ਕੋਟਕਪੂਰਾ ਮਾਰਗ ਸਥਿੱਤ ਟੋਲ ਪਲਾਜ਼ੇ ਉੱਤੇ ਧਰਨੇ ਦੌਰਾਨ ਬੀਤੀ 3 ਨਵੰਬਰ ਨੂੰ ਕਿਸਾਨ ਦੀ ਹੋਈ ਮੌਤ ਮਾਮਲੇ ਵਿੱਚ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਦੀ ਮੁਆਵਜ਼ਾ, ਨੌਕਰੀ ਤੇ ਕਰਜ਼ਾ ਮੁਆਫ਼ੀ ਦੀਆਂ ਮੰਗਾਂ ਮੰਨ ਲਈਆਂ ਹਨ ਜਿਸ ਤੋਂ ਬਾਅਦ 15ਵੇਂ ਦਿਨ ਭਲਕੇ ਸਸਕਾਰ ਹੋਵੇਗਾ।
ਇਥੇ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਕਿਸਾਨਾਂ ਨੇ ਮੁਆਵਜ਼ਾ ਰਾਸ਼ੀ ਤੇ ਹੋਰ ਮੰਗਾਂ ਲਈ ਪ੍ਰਸ਼ਾਸਨ ਦੀ ਟਾਲ ਮਟੋਲ ਨੀਤੀ ਖ਼ਿਲਾਫ਼ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕੀਤੀ ਹੋਇਆ ਸੀ, ਜਿਸ ’ਚ ਵੱਡੀ ਗਿਣਤੀ ’ਚ ਔਰਤਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਸਾਨ ਜਥੇਬੰਦੀ ਨੂੰ ਗੱਲਬਾਤ ਦਾ ਸੱਦਾ ਦਿੱਤਾ। ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ, ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਭਿੰਦਰ ਸਿੰਘ ਕੋਕਰੀ, ਗੁਰਚਰਨ ਸਿੰਘ ਰਾਮਾ, ਹਰਮੰਦਰ ਸਿੰਘ ਡੇਮਰੂ, ਗੁਰਚਰਨ ਸਿੰਘ ਸੇਖਾ, ਨਛੱਤਰ ਸਿੰਘ ਕੋਕਰੀ ਆਦਿ ਨੇ ਗੱਲਬਾਤ ਵਿੱਚ ਹਿੱਸਾ ਲਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਜਗਰੂਪ ਸਿੰਘ ਪਿੰੰਡ ਡੇਮਰੂ ਕਲਾਂ ਦੀ ਮੌਤ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਜ਼ਿੰਮੇਵਾਰ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜਗਰੂਪ ਸਿੰਘ ਪਿੰਡ ਡੇਮਰੂ ਕਲਾਂ ਲਈ ਮੁਆਵਜ਼ਾ ਰਾਸ਼ੀ ’ਚੋਂ 3 ਲੱਖ ਰੁਪਏ ਪਹਿਲਾਂ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ ਹਨ ਅਤੇ 2 ਲੱਖ ਰੁਪਏ ਦੀ ਰਾਸ਼ੀ ਅੱਜ ਹੀ ਟਰਾਂਸਫਰ ਕਰ ਦਿੱਤੀ ਜਾਵੇਗੀ ਅਤੇ 5 ਲੱਖ ਰੁਪਏ ਅੰਤਿਮ ਅਰਦਾਸ ਤੇ ਭੋਗ ਮੌਕੇ ਦਿੱਤੇ ਜਾਣਗੇ। ਉੁਨ੍ਹਾਂ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ਼ ਕਰਨ ਅਤੇ ਵਾਰਸ ਨੂੰ ਸਰਕਾਰੀ ਨੌਕਰੀ ਸਰਕਾਰ ਤੋਂ ਮਨਜ਼ੂਰੀ ਮਿਲਣ ਮਗਰੋਂ ਦੇਣ ਦਾ ਭਰੋਸਾ ਦਿੱਤਾ। ਇਸ ਮਗਰੋਂ ਕਿਸਾਨਾਂ ਨੇ ਮ੍ਰਿਤਕ ਕਿਸਾਨ ਦਾ 17 ਨਵੰਬਰ ਨੂੰ ਸਸਕਾਰ ਕਰਨ ਦਾ ਐਲਾਨ ਕਰਦਿਆਂ ਰੋਸ ਧਰਨਾ ਜੇਤੂ ਰੈਲੀ ਵਿੱਚ ਤਬਦੀਲ ਕਰਦਿਆਂ ਘਿਰਾਓ ਖਤਮ ਕਰ ਦਿੱਤਾ।