ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 20 ਅਗਸਤ
ਪਿੰਡ ਕਾਂਝਲਾ ਦੇ ਕਿਸਾਨ ਸੋਹਣ ਲਾਲ (53) ਦੀ ਟਿਕਰੀ ਬਾਰਡਰ ਮੋਰਚੇ ’ਤੇ ਸਿਹਤ ਵਿਗੜਨ ਕਾਰਨ ਮੌਤ ਹੋ ਗਈ, ਜਿਸ ਦਾ ਅੱਜ ਕਿਸਾਨ ਜਥੇਬੰਦੀ ਰਾਜੇਵਾਲ ਅਤੇ ਪਿੰਡ ਵਾਸੀਆਂ ਵੱਲੋਂ ਕਿਸਾਨੀ ਝੰਡਿਆਂ ਨਾਲ ਸਲਾਮੀ ਦੇਣ ਮਗਰੋਂ ਸਸਕਾਰ ਕੀਤਾ ਗਿਆ। ਇਸ ਸਬੰਧੀ ਪਿੰਡ ਦੇ ਕਿਸਾਨ ਆਗੂ ਜਸਪਾਲ ਸਿੰਘ ਨੰਬਰਦਾਰ ਨੇ ਦੱਸਿਆ ਕਿ ਸੋਹਣ ਲਾਲ ਪਿਛਲੇ 14 ਦਿਨਾਂ ਤੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਅੰਦੋਲਨ ਵਿਚ ਡਟਿਆ ਹੋਇਆ ਸੀ। ਦੋ ਦਿਨ ਪਹਿਲਾਂ ਅਚਾਨਕ ਉਸ ਦੀ ਸਿਹਤ ਵਿਗੜ ਗਈ। ਉਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਕਿਸਾਨ ਯੂਨੀਅਨ ਦੇ ਆਗੂ ਨਿਰੰਜਣ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਕਰਜ਼ਾ ਮੁਆਫ਼ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।