ਪੱਤਰ ਪ੍ਰੇਰਕ
ਸਮਾਣਾ, 23 ਅਕਤੂਬਰ
ਟਰਾਲੀ ’ਚ ਭਰਿਆ ਝੋਨਾ ਉਤਾਰਦੇ ਹੋਏ ਲਿਫਟ ਵਾਲੀ ਟਰੈਕਟਰ-ਟਰਾਲੀ ਮਾਲਕ ਕਿਸਾਨ ’ਤੇ ਡਿੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਵੇਲੇ ਪਿੰਡ ਬੰਮਣਾ ਦਾ ਇੱਕ ਕਿਸਾਨ ਅਮਰ ਸਿੰਘ (55) ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਬੰਮਣਾ ਆਪਣੀ ਟਰਾਲੀ ਵਿੱਚ ਝੋਨਾ ਭਰ ਕੇ ਅਨਾਜ ਮੰਡੀ ਸਮਾਣਾ ਆਇਆ ਸੀ। ਅਨਾਜ ਮੰਡੀ ਸਥਿਤ ਆੜ੍ਹਤੀ ਦੀ ਇਕ ਦੁਕਾਨ ’ਤੇ ਟਰਾਲੀ ’ਚ ਭਰਿਆ ਝੋਨਾ ਲਾਹੁਣ ਦੌਰਾਨ ਲਿਫਟ ਵਾਲੀ ਟਰਾਲੀ ਦਾ ਪ੍ਰੈੱਸ਼ਰ ਪਾਈਪ ਫਟ ਗਿਆ ਅਤੇ ਉੱਪਰ ਚੁੱਕੀ ਹੋਈ ਝੋਨੇ ਦੀ ਭਰੀ ਟਰਾਲੀ ਹੇਠਾਂ ਡਿੱਗ ਗਈ। ਇਸ ਦੌਰਾਨ ਥੱਲੇ ਖੜ੍ਹੇ ਅਮਰ ਸਿੰਘ ਦੇ ਸਿਰ ’ਚ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਿਟੀ ਪੁਲੀਸ ਮੁਖੀ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।