ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਫਰਵਰੀ
ਇੱਥੇ ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਰਾਮੂਵਾਲਾ ਕਲਾਂ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਨੇ ਸੁੱਤੇ ਪਏ ਆਪਣੇ ਧੀ ਤੇ ਪੁੱਤਰ ਦੇ ਸਿਰ ਵਿੱਚ ਹਥੌੜੇ ਮਾਰ ਕੇ ਜ਼ਖ਼ਮੀ ਕਰ ਦਿੱਤਾ। ਵਾਰਦਾਤ ਤੋਂ ਬਾਅਦ ਪਿਉ ਨੇ ਵੀ ਖੇਤਾਂ ਵਿਚ ਬਿਜਲੀ ਦੇ ਖੰਭੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਦੋਹਾਂ ਨਾਬਾਲਗ ਬੱਚਿਆਂ ਨੂੰ ਇੱਥੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਦੋਹਾਂ ਦੀ ਹਾਲਤ ਗੰਭੀਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮੂਵਾਲਾ ਦੇ ਕਿਸਾਨ ਲਾਲ ਸਿੰਘ ਦੇ ਪਿਤਾ ਚੂਹੜ ਸਿੰਘ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਮੌਤ ਮਗਰੋਂ ਲਾਲ ਸਿੰਘ ਤਣਾਅ ਵਿੱਚ ਸੀ। ਉਸ ਸਿਰ ਕਾਫੀ ਕਰਜ਼ਾ ਸੀ। ਅੱਜ ਤੜਕੇ ਉਸ ਨੇ ਆਪਣੀ ਪਤਨੀ ਨੂੰ ਚਾਹ ਬਣਾਉਣ ਲਈ ਆਖਿਆ। ਪਿੱਛਿਓਂ ਲਾਲ ਸਿੰਘ ਨੇ ਬੈੱਡ ’ਤੇ ਸੁੱਤੀ ਆਪਣੀ 8 ਵਰ੍ਹਿਆਂ ਦੀ ਧੀ ਤੇ 6 ਵਰ੍ਹਿਆਂ ਦੇ ਪੁੱਤ ਦੇ ਸਿਰ ’ਤੇ ਹਥੌੜੇ ਨਾਲ ਵਾਰ ਕੀਤੇ ਅਤੇ ਬਾਅਦ ਵਿਚ ਉਸ ਨੇ ਖੇਤਾਂ ਵਿਚ ਬਿਜਲੀ ਦੇ ਖੰਭੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਸਾਬਕਾ ਸਰਪੰਚ ਨੇ ਦੱਸਿਆ ਕਿ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਹੈ, ਜਿੱਥੇ ਬੱਚਿਆਂ ਦੀ ਹਾਲਤ ਗੰਭੀਰ ਹੈ। ਧਰਮਕੋਟ ਦੇ ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਲਾਲ ਸਿੰਘ ਤਣਾਅ ਵਿੱਚ ਸੀ। ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।