ਜਸਵੰਤ ਜੱਸ
ਫ਼ਰੀਦਕੋਟ, 8 ਸਤੰਬਰ
ਚਾਰ ਦਹਾਕਿਆਂ ਤੋਂ ਫ਼ਰੀਦਕੋਟ ਰਿਆਸਤ ਦੀਆਂ ਬੇਸ਼ੁਮਾਰ ਕੀਮਤੀ ਜਾਇਦਾਦਾਂ ਦੀ ਸੰਭਾਲ ਕਰ ਰਹੇ ਟਰੱਸਟ ਦੇ 250 ਤੋਂ ਵੱਧ ਕਰਮਚਾਰੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ। ਸੁਪਰੀਮ ਕੋਰਟ ਦੇ ਫੈ਼ਸਲੇ ਮੁਤਾਬਕ ਪਹਿਲੀ ਅਕਤੂਬਰ ਤੋਂ ਬਾਅਦ ਸ਼ਾਹੀ ਟਰੱਸਟ ਦੀ ਹੋਂਦ ਖਤਮ ਹੋ ਜਾਵੇਗੀ। ਇਸ ਵੇਲੇ ਸ਼ਾਹੀ ਟਰੱਸਟ ਵਿੱਚ ਲਗਪਗ 250 ਮੁਲਾਜ਼ਮ ਕੰਮ ਕਰ ਰਹੇ ਹਨ, ਜੋ ਰਾਜ ਮਹਿਲ, ਸ਼ਾਹੀ ਕਿਲਾ, ਕੰਟਰੀ ਕਲੱਬ, ਹਸਪਤਾਲ, ਅਸਤਬਲ ਤੇ ਹਵਾਈ ਅੱਡੇ ਦੀ ਸੰਭਾਲ ਲਈ ਤਾਇਨਾਤ ਹਨ। ਇਸ ਤੋਂ ਇਲਾਵਾ ਚਹਿਲ ਰੋਡ ’ਤੇ 50 ਏਕੜ ਦੇ ਬਾਗ਼ ਦੀ ਸੰਭਾਲ ਲਈ ਵੀ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਫ਼ਰੀਦਕੋਟ ਦੇ ਪਿੰਡ ਬੀੜ ਸਿੱਖਾਂਵਾਲਾ ਅਤੇ ਘੁਗਿਆਣਾ ਵਿੱਚ ਰਿਆਸਤ ਦੇ ਜੰਗਲਾਂ ਦੀ ਸਾਂਭ ਸੰਭਾਲ ਲਈ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਾਨੂੰਨੀ ਤੌਰ ’ਤੇ ਇਹ ਸਾਰੀਆਂ ਜਾਇਦਾਦਾਂ ਸ਼ਾਹੀ ਪਰਿਵਾਰ ਦੇ ਵਾਰਸਾਂ ਦੀਆਂ ਹੋ ਗਈਆਂ ਹਨ। ਇਸ ਕਰਕੇ ਹੁਣ ਟਰੱਸਟ ਦਾ ਇਨ੍ਹਾਂ ਜਾਇਦਾਦਾਂ ਵਿੱਚ ਕੋਈ ਦਖ਼ਲ ਨਹੀਂ ਰਹੇਗਾ। ਟਰੱਸਟ ਦੇ ਮੁਲਾਜ਼ਮ ਸ਼ਿਵੰਦਰ ਸਿੰਘ ਨੇ ਦੱਸਿਆ ਕਿ ਰਿਆਸਤ ਦੇ ਮੁਲਾਜ਼ਮਾਂ ਨੂੰ ਹਾਲੇ ਤੱਕ ਸ਼ਾਹੀ ਪਰਿਵਾਰ ਜਾਂ ਟਰੱਸਟ ਨੇ ਸੇਵਾਵਾਂ ਜਾਰੀ ਰੱਖਣ ਸਬੰਧੀ ਕੋਈ ਭਰੋਸਾ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦਾ ਫੈ਼ਸਲਾ ਆਉਣ ਮਗਰੋਂ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣੀਆਂ ਵੀ ਬੰਦ ਹੋ ਗਈਆਂ ਸਨ ਤੇ ਬਾਅਦ ਵਿੱਚ ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਟਰੱਸਟ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਸਨ। ਪਰ ਹੁਣ 30 ਸਤੰਬਰ ਤੋਂ ਬਾਅਦ ਕਿਸੇ ਵੀ ਬੈਂਕ ਵਿੱਚ ਟਰੱਸਟ ਨੂੰ ਪੈਸਿਆਂ ਦਾ ਲੈਣ ਦੇਣ ਕਰਨ ਦਾ ਹੱਕ ਨਹੀਂ ਰਹੇਗਾ। ਹਾਲਾਂਕਿ ਟਰੱਸਟ ਨੂੰ ਆਪਣੀ ਹੋਂਦ ਕਾਇਮ ਰਹਿਣ ਦੀ ਆਸ ਸੀ, ਇਸੇ ਕਰਕੇ ਹੀ ਸ਼ਾਹੀ ਕਿਲੇ ਦੀ ਮੁਰੰਮਤ ਜੰਗੀ ਪੱਧਰ ’ਤੇ ਕਰਵਾਈ ਜਾ ਰਹੀ ਸੀ ਅਤੇ ਇਸ ਮਕਸਦ ਲਈ ਵਿਸ਼ੇਸ਼ ਸਟਾਫ਼ ਭਰਤੀ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਅਗਲੇ ਕੁਝ ਸਮੇਂ ਵਿੱਚ ਇਹ ਕਿਲਾ ਦੇਸ਼ ਭਰ ਦੇ ਸੈਲਾਨੀਆਂ ਲਈ ਖੋਲ੍ਹਿਆ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਸ਼ਾਹੀ ਟਰੱਸਟ ਦੀ ਹੋਂਦ ਖਤਮ ਕਰ ਦਿੱਤੀ ਗਈ ਹੈ। ਟਰੱਸਟ ਦੇ ਮੁੱਖ ਕਾਰਜਕਾਰੀ ਅਫ਼ਸਰ ਜਗੀਰ ਸਿੰਘ ਸਰਾਂ ਨੇ ਕਿਹਾ ਕਿ ਹਾਲ ਦੀ ਘੜੀ ਮੁਲਾਜ਼ਮਾਂ ਦੇ ਭਵਿੱਖ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ।