ਜਸਵੰਤ ਜੱਸ
ਫਰੀਦਕੋਟ, 15 ਮਈ
ਕਰੋਨਾ ਮਹਾਮਾਰੀ ਦੌਰਾਨ ਜਿੱਥੇ ਦੇਸ਼ ਦੇ ਲੋਕ ਆਕਸੀਜਨ ਦੀ ਘਾਟ ਕਾਰਨ ਆਪਣੀਆਂ ਜਾਨਾਂ ਗਵਾ ਰਹੇ ਹਨ, ਉੱਥੇ ਹੀ ਫ਼ਰੀਦਕੋਟ ਪ੍ਰਸ਼ਾਸਨ ਨੇ ਪਿਛਲੇ ਕਰੀਬ ਵੀਹ ਸਾਲ ਤੋਂ ਬੰਦ ਪਈ ਫ਼ਰੀਦਕੋਟ ਦੀ ਸਹਿਕਾਰੀ ਸ਼ੂਗਰ ਮਿੱਲ ਵਿੱਚ ਖੜ੍ਹੇ ਹਜ਼ਾਰਾਂ ਰੁੱਖਾਂ ਨੂੰ ਚੁੱਪ ਚੁਪੀਤੇ ਪੁਟਵਾ ਦਿੱਤਾ ਹੈ ਅਤੇ ਬਾਕੀ ਰਹਿੰਦੇ ਰੁੱਖਾਂ ਨੂੰ ਵੀ ਲਗਾਤਾਰ ਪੁੱਟਿਆ ਜਾ ਰਿਹਾ ਹੈ।
ਸੂਚਨਾ ਅਨੁਸਾਰ ਫ਼ਰੀਦਕੋਟ-ਕੋਟਕਪੂਰਾ ਸੜਕ ’ਤੇ 135 ਏਕੜ ਵਿੱਚ ਬਣੀ ਸ਼ੂਗਰ ਮਿੱਲ ਸਾਲ 2006 ਤੋਂ ਬੰਦ ਪਈ ਹੈ ਅਤੇ ਸਰਕਾਰ ਨੇ ਇਸ ਥਾਂ ’ਤੇ ਪੁੱਡਾ ਕਲੋਨੀ ਵਸਾਉਣ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸ਼ੂਗਰ ਮਿੱਲ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਈ ਤਾਂ ਸ਼ੂਗਰ ਮਿੱਲ ਨੂੰ ਮੁੜ ਚਲਾਇਆ ਜਾਵੇਗਾ ਪਰ ਕੈਪਟਨ ਸਰਕਾਰ ਆਉਣ ਤੋਂ ਤੁਰੰਤ ਬਾਅਦ ਫ਼ਰੀਦਕੋਟ ਦੀ ਸ਼ੂਗਰ ਮਿੱਲ ਦੀ ਮਸ਼ੀਨਰੀ ਨੂੰ ਭੋਗਪੁਰ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਸ਼ੂਗਰ ਮਿੱਲ ਦੇ 135 ਏਕੜ ਦੇ ਵਿਸ਼ਾਲ ਜੰਗਲ ਨੂੰ ਵੀ ਪੁੱਟਣ ਦੇ ਆਦੇਸ਼ ਦੇ ਦਿੱਤੇ ਸਨ। ਖੰਡ ਮਿੱਲ ਦੇ ਅਧਿਕਾਰੀਆਂ ਨੇ 67 ਲੱਖ ਰੁਪਏ ਵਿੱਚ ਸ਼ੂਗਰ ਮਿੱਲ ਦੇ ਸਾਰੇ ਜੰਗਲ ਨੂੰ ਵੇਚ ਦਿੱਤਾ ਹੈ।
ਇਸ ਜੰਗਲ ਵਿੱਚ ਇਸ ਵੇਲੇ 4 ਲੱਖ ਤੋਂ ਵੱਧ ਰੁੱਖ ਹਨ, ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੀ ਹੈ। ਵਿਸ਼ਾਲ ਜੰਗਲ ਹੋਣ ਕਾਰਨ ਇੱਥੇ ਮੋਰ, ਤਿੱਤਰ, ਖਰਗੋਸ਼ ਅਤੇ ਹੋਰ ਦੁਰਲੱਭ ਪ੍ਰਜਾਤੀਆਂ ਦੇ ਸੈਂਕੜੇ ਪੰਛੀ ਰਹਿ ਰਹੇ ਹਨ। ਇਸ ਤੋਂ ਇਲਾਵਾ ਇਸ ਜੰਗਲ ਵਿੱਚ ਫ਼ਲਦਾਰ ਬੂਟੇ ਵੀ ਹਨ, ਜਿਨ੍ਹਾਂ ਵਿੱਚ ਅੰਬ, ਅਮਰੂਦ, ਚੀਕੂ, ਬੇਰੀਆਂ ਆਦਿ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।
‘ਆਪ’ ਵੱਲੋਂ ਸੰਘਰਸ਼ ਵਿੱਢਣ ਦਾ ਐਲਾਨ
ਸ਼ੂਗਰ ਮਿੱਲ ਵਾਲੇ ਇਸ ਜੰਗਲ ਨੂੰ ਪੁੱਟਣ ਦੇ ਵਿਰੋਧ ਵਿੱਚ ਅੱਜ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਸ਼ੂਗਰ ਮਿੱਲ ਦਾ ਦੌਰਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਜੰਗਲ ਦੀ ਕਟਾਈ ਨੂੰ ਤੁਰੰਤ ਰੋਕਿਆ ਜਾਵੇ। ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸ਼ੂਗਰ ਮਿੱਲ ਕਾਫੀ ਸਮਾਂ ਪਹਿਲਾਂ ਵਿਕ ਚੁੱਕੀ ਸੀ ਅਤੇ ਰੁੱਖ ਪੁੱਟਣ ਦਾ ਫ਼ੈਸਲਾ ਜ਼ਿਲ੍ਹਾ ਪੱਧਰ ’ਤੇ ਨਹੀਂ, ਸਗੋਂ ਸੂਬਾ ਪੱਧਰ ਉੱਤੇ ਹੋਇਆ ਹੈ। ਆਮ ਆਦਮੀ ਪਾਰਟੀ ਨੇ ਸ਼ੂਗਰ ਮਿੱਲ ਦੇ ਪੁੱਟੇ ਜਾ ਰਹੇ ਜੰਗਲ ਬਚਾਉਣ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਵੀ ਐਲਾਨ ਕੀਤਾ ਹੈ।
ਵਾਤਾਵਰਨ ਪ੍ਰੇਮੀਆਂ ਨੇ ਰੁੱਖਾਂ ਦੀ ਕਟਾਈ ਦਾ ਕੰਮ ਰੁਕਵਾਇਆ
ਸ਼ਾਮ ਵੇਲੇ ਵਾਤਾਵਰਨ ਪ੍ਰੇਮੀਆਂ ਨੇ ਸ਼ੂਗਰ ਮਿੱਲ ਦੇ ਅਹਾਤੇ ਵਿੱਚ ਆ ਕੇ ਵੱਢੇ ਜਾ ਰਹੇ ਜੰਗਲ ਦੇ ਕੰਮ ਨੂੰ ਰੋਕ ਦਿੱਤਾ ਹੈ। ‘ਸੀਰ’ ਨਾਮ ਦੀ ਸੰਸਥਾ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜੰਗਲ ਨੂੰ ਪੁੱਟ ਰਹੇ ਮਜ਼ਦੂਰਾਂ ਨੂੰ ਉੱਥੋਂ ਜਾਣ ਲਈ ਕਿਹਾ ਅਤੇ ਠੇਕੇਦਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਕਿਸੇ ਵੀ ਕੀਮਤ ’ਤੇ ਹੋਰ ਰੁੱਖ ਨਹੀਂ ਵੱਢਣ ਦਿੱਤੇ ਜਾਣਗੇ।