ਜਸਵੰਤ ਜੱਸ
ਫ਼ਰੀਦਕੋਟ, 6 ਫਰਵਰੀ
ਪੰਜਾਬ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਸਿਆਸਤ ਹਮੇਸ਼ਾ ਵਿਲੱਖਣ ਅਤੇ ਦਿਲਚਸਪੀ ਦਾ ਕੇਂਦਰ ਰਹੀ ਹੈ। 1972 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਅਤੇ ਜਸਵਿੰਦਰ ਸਿੰਘ ਬਰਾੜ ਵਿਰੋਧੀ ਧਿਰ ਦੇ ਨੇਤਾ। ਇਹ ਦੋਵੇਂ ਆਗੂ ਇੱਕੋ ਪਿੰਡ ਸੰਧਵਾਂ ਦੇ ਵਸਨੀਕ ਸਨ। ਗਿਆਨੀ ਜ਼ੈਲ ਸਿੰਘ 1972 ਵਿੱਚ ਕਾਂਗਰਸ ਵੱਲੋਂ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਜਦਕਿ ਜਸਵਿੰਦਰ ਸਿੰਘ ਬਰਾੜ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਕੇ ਵਿਰੋਧੀ ਧਿਰ ਦੇ ਨੇਤਾ ਬਣੇ ਸਨ। ਉਸ ਸਮੇਂ ਬਰਾੜ ਨੇ ਕੋਟਕਪੂਰਾ ਤੋਂ 53.72 ਫ਼ੀਸਦੀ ਜਦਕਿ ਗਿਆਨੀ ਜ਼ੈਲ ਸਿੰਘ ਨੇ ਆਨੰਦਪੁਰ ਤੋਂ 50.76 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ। ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਜਸਵਿੰਦਰ ਸਿੰਘ ਬਰਾੜ ਦਾ ਲੜਕਾ ਮਨਤਾਰ ਸਿੰਘ ਬਰਾੜ ਇਸ ਵਾਰ ਵੀ ਚੋਣ ਮੈਦਾਨ ਵਿੱਚ ਹੈ। ਦੂਜੇ ਪਾਸੇ ਗਿਆਨੀ ਜ਼ੈਲ ਸਿੰਘ ਦਾ ਪੋਤਰਾ ਕੁਲਤਾਰ ਸਿੰਘ ਸੰਧਵਾਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਹੈ। ਪਿਛਲੀਆਂ ਚੋਣਾਂ ਵਿੱਚ ਕੁਲਤਾਰ ਸਿੰਘ ਸੰਧਵਾਂ ਨੇ ਇੱਥੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਦੇ ਲੜਕੇ ਜੋਗਿੰਦਰ ਸਿੰਘ ਨੇ ਇੱਥੋਂ 1997 ਵਿੱਚ ਚੋਣ ਲੜੀ ਸੀ ਪਰ ਉਹ ਚੋਣ ਬੁਰੀ ਤਰ੍ਹਾਂ ਹਾਰ ਗਿਆ ਸੀ।